ਜੈਤੋ, 5 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਲੋਂ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਵਰਤੀ ਗਈ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚਾਰਧਾਰਾਵਾਂ ਦੀ ਲੜਾਈ ਦਾ ਮੰਚ ਹੈ, ਪਰ ਇਸਨੂੰ ਜਾਤੀ, ਧਰਮ ਜਾਂ ਨਸਲਵਾਦ ਨਾਲ ਜੋੜਨਾ ਤੇ ਅਸੰਸਕਾਰੀ ਬੋਲੀ ਵਰਤਣਾ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ | ਸੂਬਾ ਸਿੰਘ ਬਾਦਲ ਨੇ ਕਿਹਾ ਕਿ ਅਜਿਹੀ ਬੇਅਦਬੀ ਭਰੀ ਭਾਸ਼ਾ ਸਿਰਫ਼ ਵਿਰੋਧੀ ਪੱਖਾਂ ਵਿਚ ਨਫ਼ਰਤ ਤੇ ਤਣਾਅ ਪੈਦਾ ਕਰਦੀ ਹੈ ਅਤੇ ਕਿਸੇ ਵੀ ਜ਼ਿੰਮੇਵਾਰ ਰਾਜਨੀਤਿਕ ਨੇਤਾ ਨੂੰ ਇਹ ਸ਼ੋਭਾ ਨਹੀਂ ਦਿੰਦੀ | ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਵਲੋਂ ਵਰਤੇ ਗਏ ਸ਼ਬਦ ਨਾ ਸਿਰਫ਼ ਨਿੰਦਣਯੋਗ ਹਨ ਸਗੋਂ ਪੰਜਾਬ ਦੀ ਸਿਆਸਤ ਦੇ ਸੁਭਾਅ 'ਤੇ ਵੀ ਕਾਲਖ ਮਲਦੇ ਹਨ | ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼ਾਲੀਨਤਾ, ਸੱਚਾਈ ਅਤੇ ਮੁੱਦਿਆਂ-ਅਧਾਰਤ ਰਾਜਨੀਤੀ ਦਾ ਪੱਧਰ ਰਿਹਾ ਹੈ | ਜਦਕਿ ਕਾਂਗਰਸ ਆਗੂ ਲੋਕਾਂ ਨੂੰ ਧਰਮ, ਜਾਤ ਦੇ ਅਧਾਰ 'ਤੇ ਵੰਡ ਕੇ ਕੋਝੀ ਸਿਆਸਤ ਕਰ ਰਿਹਾ | ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਆਪਣੀ ਟਿੱਪਣੀ ਵਾਪਸ ਲੈਣ ਅਤੇ ਜਨਤਕ ਤੌਰ 'ਤੇ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ |