ਕੋਟਕਪੂਰਾ, 5 ਨਵੰਬਰ (ਮੋਹਰ ਸਿੰਘ ਗਿੱਲ)-ਵਿੱਤ ਵਿਭਾਗ ਪੰਜਾਬ ਸਰਕਾਰ ਨੇ ਮਿਤੀ 31 ਅਕਤੂਬਰ 2025 ਨੂੰ ਹਦਾਇਤਾਂ ਜਾਰੀ ਕਰਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਨੂੰ ਹਰ ਸਾਲ ਨਵੰਬਰ ਮਹੀਨੇ ਦੌਰਾਨ ਆਪਣੇ ਬੈਂਕਾਂ ਨੂੰ ਦਿੱਤਾ ਜਾਣ ਵਾਲਾ ਲਾਈਫ਼ ਸਰਟੀਫਿਕੇਟ ਇਸ ਵਾਰ ਜੀਵਨ ਪ੍ਰਮਾਣ ਐਪ ਰਾਹੀਂ ਆਨਲਾਈਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਇਸ ਸਬੰਧ ਵਿਚ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਿਤ ਏਟਕ ਦੇ ਸੂਬਾਈ ਚੇਅਰਮੈਨ ਗੁਰਦੀਪ ਸਿੰਘ ਮੋਤੀ, ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ ਤੇ ਗੁਰਜੀਤ ਸਿੰਘ ਘੋੜੇਵਾਹ, ਮੁੱਖ ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਪ੍ਰੈਸ ਸਕੱਤਰ ਕੁਲਵੰਤ ਸਿੰਘ ਚਾਨੀ ਦੇ ਧਿਆਨ ਵਿਚ ਆਇਆ ਹੈ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਸੀਨੀਅਰ ਸਿਟੀਜਨਜ਼ ਕਤਾਰਾਂ ਵਿਚ ਲੱਗ ਕੇ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ | ਇਸ ਤੋਂ ਇਲਾਵਾ ਜੀਵਨ ਪ੍ਰਮਾਣ ਐਪ ਲਗਾਤਾਰ ਬਿਜ਼ੀ ਚੱਲ ਰਹੀ ਹੋਣ ਕਰਕੇ ਵਾਰ ਵਾਰ ਪੈਨਸ਼ਨਰਾਂ ਨੂੰ ਬੈਂਕਾਂ ਵਿਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਕਈ ਬਜ਼ੁਰਗਾਂ ਦੀ ਆਪਣੀਆਂ ਸਿਹਤ ਦੀਆਂ ਮਾੜੀਆਂ ਹਾਲਤਾਂ ਹੋਣ ਕਰਕੇ ਘਰ ਤੋਂ ਬਾਹਰ ਜਾਣ ਦੀ ਸਿਹਤ ਵੀ ਆਗਿਆ ਨਹੀਂ ਦਿੰਦੀ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜਨ ਪੈਨਸ਼ਨਰਾਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਦੀ ਤਰ੍ਹਾਂ ਹੀ ਲਾਈਫ਼ ਸਰਟੀਫਿਕੇਟ ਲੈਣ ਸਬੰਧੀ ਤੁਰੰਤ ਸਾਰੇ ਬੈਂਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਬਜ਼ੁਰਗ ਪੈਨਸ਼ਨਰਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ |