08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹਲਕਾ ਲੰਬੀ ਦੀਆਂ ਮੰਡੀਆਂ 'ਚ ਕਿਸਾਨਾਂ ਤੋਂ ਧੜੱਲੇ ਨਾਲ ਝੋਨੇ ਦੀ ਸਿੱਧੀ 'ਗੈਰਕਾਨੂੰਨੀ' ਖਰੀਦ

ਅਜੀਤ ਡੈਸਕ 04-11-2025
ਮੰਡੀ ਕਿੱਲਿਆਂਵਾਲੀ, 3 ਨਵੰਬਰ (ਇਕਬਾਲ ਸਿੰਘ ਸ਼ਾਂਤ)-ਹਲਕੇ 'ਚ ਸਰਕਾਰੀ ਖਰੀਦ ਪ੍ਰਣਾਲੀ ਨੂੰ ਦਰਕਿਨਾਰ ਕਰਕੇ ਕਿਸਾਨਾਂ ਤੋਂ ਸਿੱਧੀ ਝੋਨਾ ਖਰੀਦ ਮਾਮਲਾ ਉਜਾਗਰ ਹੋਇਆ ਹੈ | ਢਾਣੀ ਤੇਲੀਆਂਵਾਲੀ ਖਰੀਦ ਕੇਂਦਰ 'ਚ ਬੇਨਿਯਮੀਆਂ ਦੇ ਖੁਲਾਸੇ ਮਗਰੋਂ ਜ਼ਿਲ੍ਹ੍ਹਾ ਮੰਡੀ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਨੇ 8 ਆੜ੍ਹਤ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ | ਵਿਭਾਗੀ ਜਾਣਕਾਰੀ ਮੁਤਾਬਕ ਜਿਨ੍ਹਾਂ 'ਚ ਸਿੱਧੂ ਕਮਿਸ਼ਨ ਏਜੰਟ, ਤਰਮਾਲਾ ਕਮਿਸ਼ਨ ਏਜੰਟ, ਰਹੇਜਾ ਸੰਨਜ, ਕਿਸਾਨ ਟਰੇਡਿੰਗ ਇੰਕ, ਰਾਇ ਰਾਜਪੂਤ ਟਰੇਡਿੰਗ ਕੰਪਨੀ, ਬੱਗੜ ਕਮਿਸ਼ਨ ਏਜੰਟ, ਕਸ਼ਮੀਰੀ ਮੁੰਜਾਲ ਐਂਡ ਸਨਜ ਅਤੇ ਭਾਈ ਨਰਿੰਦਰ ਸਿੰਘ ਸੁਦਰਸਨ ਸਿੰਘ ਸ਼ਾਮਲ ਹਨ | ਜਾਣਕਾਰੀ ਅਨੁਸਾਰ ਨਿਰੀਖਣ ਦੌਰਾਨ ਖਰੀਦ ਕੇਂਦਰ 'ਚ ਹਜ਼ਾਰਾਂ ਕੁਵਿੰਟਲ ਪਰਮਲ ਝੋਨੇ ਦੇ ਢੇਰ ਪਏ ਸਨ, ਜਿਹੜੇ ਕਿ ਕਿਸਾਨਾਂ ਦੇ ਖਾਤਿਆਂ ਨਾਲ ਮੇਲ ਨਹੀਂ ਖਾਂਦੇ ਸਨ | ਜਿਸ ਸਬੰਧੀ ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਵਲੋਂ ਪੜਤਾਲ ਕੀਤੀ ਗਈ | ਪੜਤਾਲ 'ਚ ਪੇਸ਼ ਕੀਤੇ ਗਏ 14 ਕਿਸਾਨਾਂ ਨੇ ਕਬੂਲਿਆ ਕਿ ਉਨ੍ਹਾਂ ਕੰਡੇ 'ਤੇ ਤੋਲ ਕਰਵਾ ਕੇ ਝੋਨਾ ਸਿੱਧਾ ਆੜ੍ਹਤੀਆਂ ਦੇ ਫੜ 'ਤੇ ਪਏ ਵੱਡੇ ਢੇਰ ਵਿਚ ਢੇਰੀ ਕੀਤੀ ਸੀ | ਪੜਤਾਲ ਮੁਤਾਬਕ ਬਾਅਦ ਵਿੱਚ ਇਸੇ ਝੋਨੇ ਨੂੰ ਸਰਕਾਰੀ ਏਜੰਸੀਆਂ ਨੂੰ ਵੇਚਿਆ ਜਾ ਰਿਹਾ ਹੈ |
ਜ਼ਿਕਰਯੋਗ ਹੈ ਕਿ ਝੋਨੇ ਦੀ ਇਹ ਗੈਰਕਾਨੂੰਨੀ ਸਿੱਧੀ ਖਰੀਦ ਸਿਰਫ ਢਾਣੀ ਤੇਲੀਆਂਵਾਲੀ ਤੱਕ ਸੀਮਿਤ ਨਹੀਂ, ਸਗੋਂ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਤੇ ਹੋਰਨਾਂ ਖਰੀਦ ਕੇਂਦਰਾਂ 'ਤੇ ਵੀ 3 ਤੋਂ 8 ਫ਼ੀਸਦ ਕਟੌਤੀ ਨਾਲ ਖੁੱਲ੍ਹੇਆਮ ਜਾਰੀ ਹੈ | ਹੈਰਾਨੀਜਨਕ ਹੈ ਕਿ ਪੰਜਾਬ ਮੰਡੀ ਬੋਰਡ ਨੂੰ ਇਨ੍ਹਾ ਵਿਸ਼ਾਲ ਢੇਰਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ | ਸੂਤਰਾਂ ਮੁਤਾਬਕ ਖਰੀਦ ਏਜੰਸੀਆਂ ਦਾ ਤੰਤਰ ਵੀ ਪੂਰੇ ਖੇਡ 'ਚ ਸ਼ਾਮਲ ਵਿੱਚ ਦੱਸਿਆ ਜਾਂਦਾ ਹੈ | ਦੱਸਿਆ ਜਾਂਦਾ ਹੈ ਕਿ ਪ੍ਰਤੀ ਬੈਗ ਝੋਨੇ 'ਤੇ 1.5 ਤੋਂ 2 ਰੁਪਏ ਦੇ ਕਥਿਤ 'ਚੜ੍ਹਾਵੇ' ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ | ਕਿਸਾਨਾਂ ਤੋਂ ਸਿੱਧਾ ਫ਼ਸਲ ਖਰੀਦ ਵਿੱਚ ਸਰਕਾਰੀ ਏਜੰਸੀਆਂ ਦੇ ਨਾਂਅ 'ਤੇ ਖਰੀਦ-ਵੇਚ ਹੁਣ ਮੰਡੀਆਂ ਵਿੱਚ ਆਮ ਰਿਵਾਇਤ ਬਣ ਚੁੱਕੀ ਹੈ | ਜ਼ਿਲ੍ਹਾ ਮੰਡੀ ਅਧਿਕਾਰੀ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਤੈਅ ਸਮੇਂ ਵਿੱਚ ਜਵਾਬ ਨਾ ਦੇਣ 'ਤੇ ਆੜ੍ਹਤ ਫਰਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ਼ੋ੍ਰਮਣੀ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਨਸ਼ਾ ਸਮੱਗਰੀ ਸਮੇਤ 4 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।