ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਅੰਦਰ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਪਿੰਡ ਵਿਚ ਖੇਤਾਂ ਦਾ ਦੌਰਾ ਕਰਨ ਲਈ ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੇਤਾਂ ਵਿਚ ਫ਼ਸਲਾਂ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ | ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਵਲੋਂ ਟੈਲੀਫ਼ੋਨ ਰਾਹੀਂ ਜਾਂ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਝੋਨੇ ਦੇ ਬੂਟਿਆਂ ਵਿਚ ਮਧਰੇਪਨ ਦੀ ਸਮੱਸਿਆ ਸੰਬੰਧੀ ਦੱਸਿਆ ਜਾ ਰਿਹਾ ਹੈ | ਵਿਭਾਗ ਵਲੋਂ ਗਠਿਤ ਕੀਤੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿਚ ਝੋਨੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਝੋਨੇ ਦੇ ਬੂਟਿਆਂ ਵਿਚ ਮਧਰੇਪਨ ਸੰਬੰਧੀ ਆ ਰਹੀ ਸਮੱਸਿਆ ਸੰਬੰਧੀ ਕਿਸਾਨਾਂ ਨੂੰ ਜਾਣੂ ਕਰਵਾ ਕੇ ਇਸ 'ਤੇ ਕਾਬੂ ਪਾਇਆ ਜਾ ਸਕੇ | ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਜਿਸ 'ਚ ਡਾ. ਅਵੀਨਿੰਦਰਪਾਲ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਫ਼ਰੀਦਕੋਟ, ਡਾ. ਰੁਪਿੰਦਰ ਸਿੰਘ ਖੇਤੀਬਾੜੀ ਅਫ਼ਸਰ (ਟਰੇਨਿੰਗ) ਫ਼ਰੀਦਕੋਟ ਅਤੇ ਡਾ. ਦਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਵਿਸਥਾਰ ਅਫ਼ਸਰ ਸਰਕਲ ਕੋਟਸੁਖੀਆ ਵਲੋਂ ਪਿੰਡ ਧੂੜਕੋਟ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਹਰਫੂਲ ਸਿੰਘ ਕਿਸਾਨ ਦੇ ਖੇਤ ਵਿਚ ਝੋਨੇ ਦੇ ਬੂਟਿਆਂ ਵਿਚ ਮਧਰੇਪਨ ਦੀ ਸਮੱਸਿਆ ਦੇਖਣ ਨੂੰ ਮਿਲੀ | ਉਨ੍ਹਾਂ ਮੌਕੇ 'ਤੇ ਮੌਜੂਦ ਕਿਸਾਨ ਭਰਾਵਾਂ ਨੂੰ ਦੱਸਿਆ ਕਿ ਬੂਟਿਆਂ ਦਾ ਮਧਰੇ ਰਹਿ ਜਾਣਾ ਇਕ ਨਵਾਂ ਵਿਸ਼ਾਣੂ ਰੋਗ ਹੈ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਪ੍ਰਭਾਵਿਤ ਬੂਟਿਆਂ ਤੋਂ ਸਿਹਤਮੰਦ ਬੂਟਿਆਂ ਤੱਕ ਫ਼ੈਲਦਾ ਹੈ | ਉਨ੍ਹਾਂ ਦੱਸਿਆ ਕਿ ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ 'ਤੇ ਹਮਲਾ ਕਰ ਸਕਦਾ ਹੈ | ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ | ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇਕ ਤਿਹਾਈ ਰਹਿ ਜਾਂਦੀ ਹੈ | ਜੇਕਰ ਹਮਲਾ ਜਿਆਦਾ ਮਾਤਰਾ 'ਚ ਹੋਵੇ ਤਾਂ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ ਅਤੇ ਜਲਦੀ ਪੁੱਟੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨੂੰ ਫ਼ੈਲਾਉਣ ਵਾਲੇ ਚਿੱਟੀ ਪਿੱਠ ਵਾਲੇ ਟਿੱਡਿਆਂ ਦਾ ਖੇਤ 'ਚ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਫਸਲ ਵਿਚ ਸੰਭਾਵਿਤ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਸੰਬੰਧਿਤ ਪਿੰਡ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਖੇਤੀ ਬਾੜੀ ਵਿਸਥਾਰ ਅਫ਼ਸਰ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ |