ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਯੂਰੀਆ ਤੇ ਡੀ. ਏ. ਪੀ. ਖ਼ਾਦ ਦੀ ਕਾਲਾ-ਬਾਜ਼ਾਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਵਿਸੇਸ਼ ਮੁਹਿੰਮ ਤਹਿਤ ਡਾ. ਗੁਰਜੀਤ ਸਿੰਘ ਬਰਾੜ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਪੰਜਾਬ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੁਆਲਟੀ ਕੰਟਰੋਲ ਦੀ ਟੀਮ ਨੂੰ ਨਾਲ ਲੈ ਕੇ ਵੱਖ-ਵੱਖ ਖ਼ਾਦ ਵਿਕ੍ਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਉਨ੍ਹਾਂ ਵਲੋਂ ਚੈਕਿੰਗ ਦੌਰਾਨ ਖ਼ਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਯੂਰੀਆ ਤੇ ਡੀ. ਏ. ਪੀ. ਖ਼ਾਦ ਦੀ ਕਿਸੇ ਤਰ੍ਹਾਂ ਦੀ ਕਾਲਾ-ਬਾਜ਼ਾਰੀ ਨਾ ਕੀਤੀ ਜਾਵੇ | ਉਨ੍ਹਾਂ ਖ਼ਾਦ ਵਿਕ੍ਰੇਤਾਵਾਂ ਨੂੰ ਹਦਾਇਤ ਕਿ ਯੂਰੀਆ ਤੇ ਡੀ. ਏ. ਪੀ. ਜਾਂ ਕੋਈ ਹੋਰ ਸਬਸਿਡੀ ਵਾਲੀ ਖ਼ਾਦ ਕਿਸੇ ਵੀ ਉਦਯੋਗਿਕ ਧੰਦੇ ਲਏ ਵਿਕਰੀ ਨਾ ਕੀਤੀ ਜਾਵੇ | ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਖ਼ਾਦ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਯੂਰੀਆ ਤੇ ਡੀ. ਏ. ਪੀ. ਖ਼ਾਦ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਪੱਕਾ ਬਿੱਲ ਹੀ ਦਿੱਤਾ ਜਾਵੇ | ਕਿਸੇ ਵੀ ਕਿਸਾਨ ਨੂੰ ਖ਼ਾਦ ਨਾਲ ਕੋਈ ਵੀ ਅਣਚਾਹੀ ਵਸਤੂ ਨਾ ਦਿੱਤੀ ਜਾਵੇ ਅਤੇ ਖ਼ਾਦ ਵਿਕਰੀ ਪੀ. ਓ. ਐੱਸ. ਮਸ਼ੀਨ ਰਾਹੀਂ ਹੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਡੀਲਰ ਕਿਸੇ ਤਰ੍ਹਾਂ ਦੀ ਕਾਲਾ-ਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਖ਼ਾਦ ਕੰਟਰੋਲ ਹੁਕਮ 1985 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਖ਼ਾਦਾਂ ਦੀ ਵਰਤੋਂ ਕਰਨ ਤੇ ਕੋਈ ਵੀ ਖੇਤੀ ਵਸਤਾਂ ਪੱਕੇ ਬਿੱਲ 'ਤੇ ਹੀ ਖ਼ਰੀਦ ਕਰਨ | ਇਸ ਤੋਂ ਇਲਾਵਾ ਜੇਕਰ ਹੋਰ ਖੇਤੀ ਸੰਬੰਧੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਕਿਸਮ ਦੀ ਤਕਨੀਕੀ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਕਿਸਾਨ ਹੈਲਪ ਡੈਸਕ ਨੰਬਰ 'ਤੇ ਸੰਪਰਕ ਕਰਨ | ਇਸ ਵਿਸ਼ੇਸ਼ ਚੈਕਿੰਗ ਦੌਰਾਨ ਕੁਆਲਟੀ ਕੰਟਰੋਲ ਟੀਮ ਵਲੋਂ ਵੱਖ-ਵੱਖ ਫਰਮਾਂ ਖ਼ਾਦ ਦੇ ਸੈਂਪਲ ਵੀ ਲਏ ਗਏ | ਇਸ ਮੌਕੇ ਜਸਕਮਲ ਸਿੰਘ ਏ. ਡੀ. ਓ. (ਇਨਪੁਟ) ਚੰਡੀਗੜ੍ਹ, ਜਸ਼ਨਪ੍ਰੀਤ ਸਿੰਘ ਬਰਾੜ ਏ. ਡੀ. ਓ. (ਇੰਨਫੋਰਸਮੈਂਟ), ਸੁਖਜਿੰਦਰ ਸਿੰਘ ਏ. ਡੀ. ਓ. (ਪੀ. ਪੀ.) ਤੇ ਸ਼ਵਿੰਦਰ ਸਿੰਘ ਏ. ਡੀ. ਓ. (ਜ. ਕ.) ਤੋਂ ਇਲਾਵਾ ਹੋਰ ਖੇਤੀਬਾੜੀ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |