ਜੈਤੋ, 21 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ | ਉਥੇ ਹੀ ਰੇਤਾ ਬੱਜਰੀ ਸਸਤੇ ਰੇਟ 'ਤੇ ਦੇਣ ਦਾ ਵਾਅਦਾ ਵੀ ਠੁੱਸ ਹੋ ਕੇ ਰਹਿ ਗਿਆ ਹੈ | ਉਲਟਾ ਪਿਛਲੀਆਂ ਸਰਕਾਰਾਂ ਨਾਲੋਂ ਵਧਾ ਕੇ ਰੇਤਾ ਬੱਜਰੀ ਵੇਚੀ ਜਾ ਰਹੀ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਪਿੰਡ ਬਿਸ਼ਨੰਦੀ ਦੇ ਗੁਰਦੇਵ ਸਿੰਘ ਮੈਂਬਰ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਮਾਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੁਲਾਜ਼ਮ ਵਰਗ ਦੀਆਂ ਹੱਕੀ ਮੰਗਾਂ ਨੂੰ ਲਾਗੂ ਕੀਤਾ ਜਾਵੇਗਾ ਪਰ ਮੁਲਾਜ਼ਮ ਵਰਗ ਆਪਣੇ ਹੱਕਾਂ ਲਈ ਧਰਨੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਬੀਬੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਮਿਲਿਆ ਜਦ ਕਿ ਸਰਕਾਰ ਨੂੰ ਸਾਢੇ ਤਿੰਨ ਸਾਲ ਹੋ ਗਏ ਹਨ | ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਵੀ ਹਵਾ ਵਿਚ ਲਟਕ ਰਿਹਾ ਹੈ | ਘਰ-ਘਰ ਆਟਾ-ਦਾਲ ਸਕੀਮ ਨਹੀਂ ਪਹੁੰਚੀ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਿਚ ਵਾਧਾ ਨਹੀਂ ਕੀਤਾ | ਵਾਧਾ ਸਿਰਫ਼ ਪੰਜਾਬ ਦੇ ਕਰਜ਼ੇ 'ਤੇ ਜ਼ਰੂਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਤੇ ਇਸ ਦਾ ਢੁੱਕਵਾਂ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਗਿਣਤੀ 'ਚ ਕਾਂਗਰਸੀ ਉਮੀਦਵਾਰਾਂ ਨੂੰ ਜਿੱਤਾ ਕੇ ਦੇਣਗੇ | ਇਸ ਮੌਕੇ ਸੀਨੀਅਰ ਕਾਂਗਰਸੀ ਹਰਜੀਤ ਸਿੰਘ ਬਿਸ਼ਨੰਦੀ, ਅੰਮਿ੍ਤਪਾਲ ਸਿੰਘ ਰੋੜੀਕਪੂਰਾ, ਲਾਭ ਸਿੰਘ ਅਜਿੱਤਗਿੱਲ, ਪਾਲ ਸਿੰਘ ਸਰਪੰਚ, ਬੂਟਾ ਸਿੰਘ, ਚਮਕੌਰ ਸਿੰਘ ਮੈਂਬਰ, ਜਸਵਿੰਦਰ ਸਿੰਘ ਮੈਂਬਰ, ਕਾਕਾ ਸਿੰਘ, ਸੁਖਮੰਦਰ ਸਿੰਘ, ਗੁਰਤੇਜ ਸਿੰਘ, ਕਾਲਾ ਸਿੰਘ, ਜਸਕਰਨ ਸਿੰਘ, ਗੋਰੀ ਸਿੰਘ, ਗੁਰਤੇਜ ਸਿੰਘ, ਬੰਸਾ ਸਿੰਘ, ਬੁੱਧ ਸਿੰਘ ਖਾਲਸਾ ਤੇ ਮੇਜਰ ਸਿੰਘ ਮੈਂਬਰ ਆਦਿ ਵਿਅਕਤੀ ਮੌਜੂਦ ਸਨ |