03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਸੇਮਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 20-07-2025
ਸਾਦਿਕ, 19 ਜੁਲਾਈ (ਆਰ. ਐਸ. ਧੁੰਨਾ)-ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਨੇੜਲੇ ਪਿੰਡਾਂ ਬੁੱਟਰ ਤੇ ਕਿਲੀ (ਅਰਾਈਆਂਵਾਲਾ ਖੁਰਦ) ਵਿਚਕਾਰ ਦੀ ਲੰਘਦੇ ਸੇਮਨਾਲੇ ਦੇ ਭਰ ਕੇ ਉੱਛਲ ਜਾਣ ਕਾਰਨ ਦੋਹਾਂ ਪਿੰਡਾਂ ਦੇ ਨਾਲ ਲੱਗਦੇ ਝੋਨੇ ਦੇ ਖੇਤਾਂ ਵਿਚ ਪਾਣੀ ਭਰ ਗਿਆ ਸੀ | ਖੇਤਾਂ 'ਚ ਪਾਣੀ ਭਰ ਜਾਣ ਕਾਰਨ ਝੋਨੇ ਦੀ ਡੁੱਬ ਗਈ ਫ਼ਸਲ ਦਾ ਜਾਇਜ਼ਾ ਲੈਣ ਲਈ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਸੀ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੇਮਨਾਲੇ ਦੀ ਚਿਰਾਂ ਤੋਂ ਸਫ਼ਾਈ ਨਾ ਹੋਣ ਕਾਰਨ ਇਸ 'ਚ ਘਾਹ ਫੂਸ ਉੱਗਿਆ ਹੋਇਆ ਹੈ ਤੇ ਇਹ ਸੇਮਨਾਲਾ ਕੇਲੀ ਨਾਲ ਭਰਿਆ ਪਿਆ ਹੈ, ਜਿਸ ਕਰਕੇ ਪਾਣੀ ਅੱਗੇ ਨਹੀਂ ਜਾਂਦਾ ਤੇ ਪਾਣੀ ਦੀ ਨਿਕਾਸੀ ਰਫਤਾਰ ਘੱਟ ਹੋਣ ਕਰਕੇ ਪਾਣੀ ਉੱਛਲ ਕੇ ਖੇਤਾਂ ਵਿਚ ਵੜ ਗਿਆ ਹੈ ਇਸ ਲਈ ਸੇਮ ਨਾਲੇ ਦੀ ਸਫਾਈ ਕਰਵਾਈ ਜਾਵੇ | ਪਿੰਡ ਵਾਸੀਆਂ ਦੀ ਮੰਗ ਨੂੰ ਪੂਰੀ ਕਰਦਿਆਂ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਤੁਰੰਤ ਪ੍ਰਭਾਵ ਨਾਲ ਫ਼ਿਰੋਜ਼ਪੁਰ ਤੋਂ ਫ਼ੋਕਲੈਨ ਮਸ਼ੀਨ ਮੰਗਵਾ ਕੇ ਸੇਮ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਫ਼ਰੀਦਕੋਟ ਵਿਚ ਇਕ ਹੀ ਫ਼ੋਕਲੈਨ ਮਸ਼ੀਨ ਹੋਣ ਕਰਕੇ ਤੇ ਇਕਦਮ ਬਾਰਿਸ਼ ਜ਼ਿਆਦਾ ਹੋਣ ਕਰਕੇ ਉਹ ਮਸ਼ੀਨ ਜਲਦੀ ਮਿਲ ਨਹੀਂ ਰਹੀ ਸੀ ਤੇ ਉਨ੍ਹਾਂ ਡਿਪਟੀ ਕਮਿਸ਼ਨਰ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਫ਼ਿਰੋਜ਼ਪੁਰ ਜ਼ਿਲ੍ਹੇ 'ਚੋਂ ਇਹ ਮਸ਼ੀਨ ਮੰਗਵਾਈ ਹੈ ਤਾਂ ਜੋ ਸੇਮਨਾਲੇ ਦੀ ਸਫ਼ਾਈ ਦਾ ਕੰਮ ਜਲਦ ਹੋ ਸਕੇ ਤੇ ਬਾਰਿਸ਼ ਦਾ ਪਾਣੀ ਮੁੜ ਝੋਨੇ ਦੇ ਖੇਤਾਂ ਵਿਚ ਵੜ ਕੇ ਤਬਾਹੀ ਨਾ ਮਚਾ ਸਕੇ | ਉਨ੍ਹਾਂ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਦੋਹਾਂ ਪਿੰਡਾਂ ਦੇ ਕਿਸਾਨ ਤੇ ਪਾਰਟੀ ਦੇ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਚੌਗਿਰਦੇ ਦੀ ਸੰਭਾਲ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਗੋਨਿਆਣਾ ਵਿਖੇ ਆਯੁਸ਼ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।