ਫ਼ਰੀਦਕੋਟ, 17 ਜੁਲਾਈ (ਸਤੀਸ਼ ਬਾਗ਼ੀ)-ਸ਼ਹਿਰ 'ਚ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਦੇ ਲਈ ਸਿਟੀ ਟ੍ਰੈਫ਼ਿਕ ਪੁਲਿਸ ਵਲੋਂ ਸਥਾਨਕ ਘੰਟਾ ਘਰ ਚੌਕ ਵਿਖੇ ਸੜਕ ਦੇ ਦੋਨੋਂ ਪਾਸੇ ਲੋਹੇ ਦੇ ਪੋਲ ਤੇ ਸੰਗਲ ਲਗਾਏ ਗਏ ਹਨ ਤਾਂ ਜੋ ਜ਼ਰੂਰਤ ਪੈਣ 'ਤੇ ਇਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਸਕੇ | ਜਾਣਕਾਰੀ ਅਨੁਸਾਰ ਅੱਜ ਸਵੇਰ ਦੇ ਲਗਪਗ 7:52 ਵਜੇ ਇਕ ਪ੍ਰਾਈਵੇਟ ਸਕੂਲ ਦੀ ਪੀਲੇ ਰੰਗ ਦੀ ਵੈਨ ਜੋ ਕਿ ਘੰਟਾ ਘਰ ਤੋਂ ਸ਼ਹੀਦ ਭਗਤ ਸਿੰਘ ਪਾਰਕ ਵੱਲ ਨੂੰ ਜਾ ਰਹੀ ਸੀ ਤਾਂ ਵੈਨ ਦੀ ਤੇਜ਼ ਰਫ਼ਤਾਰ ਦੇ ਕਾਰਨ ਸੰਬੰਧਿਤ ਸਿਟੀ ਟ੍ਰੈਫ਼ਿਕ ਵਲੋਂ ਲਗਾਏ ਗਏ ਲੋਹੇ ਦੇ ਇਕ ਪੋਲ ਦੇ ਨਾਲ ਜਾ ਵੱਜੀ, ਜਿਸ ਕਾਰਨ ਲੋਹੇ ਦਾ ਪੋਲ ਟੁੱਟ ਕੇ ਸੜਕ 'ਤੇ ਡਿੱਗ ਪਿਆ | ਜਾਣਕਾਰੀ ਅਨੁਸਾਰ ਸੰਬੰਧਿਤ ਸਕੂਲ ਵੈਨ ਦਾ ਇਕ ਪਾਸੇ ਵਾਲਾ ਬੰਪਰ ਵੀ ਟੁੱਟ ਗਿਆ ਪਰ ਵਾਹਨ ਚਾਲਕ ਨੇ ਆਪਣੀ ਗੱਡੀ ਨੂੰ ਨਹੀਂ ਰੋਕਿਆ ਤੇ ਉਹ ਗੱਡੀ ਆਪਣੀ ਰਫ਼ਤਾਰ ਨਾਲ ਲੈ ਗਿਆ |