ਫ਼ਰੀਦਕੋਟ, 17 ਜੁਲਾਈ (ਸਰਬਜੀਤ ਸਿੰਘ)-ਸਥਾਨਕ ਚਹਿਲ ਰੋਡ 'ਤੇ ਰੇਲਵੇ ਫ਼ਾਟਕ 'ਤੇ ਹਰ ਰੋਜ ਲੋਕਾਂ 'ਚ ਲੜਾਈਆਂ ਝਗੜੇ ਹੁੰਦੇ ਹਨ | ਦੱਸਣਯੋਗ ਹੈ ਕਿ ਪਿਛਲੇ ਕੋਈ ਡੇਢ ਕੁ ਸਾਲ ਤੋਂ ਤਲਵੰਡੀ ਰੋਡ 'ਤੇ ਨਹਿਰਾਂ 'ਤੇ ਪੁਲਾਂ ਦਾ ਕੰਮ ਚਲ ਰਿਹਾ ਹੈ ਅਤੇ ਦੂਜੇ ਪਾਸੇ ਸ਼ਹਿਰ 'ਚ ਤਲਵੰਡੀ ਚੌਕ ਤੋਂ ਲੈ ਕੇ ਭਾਈ ਘੱਨਈਆ ਚੌਕ ਤੇ ਸਿਟੀ ਕੌਤਵਾਲੀ ਤੱਕ ਵੀ ਸੜਕ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ ਤੇ ਇਹ ਵੀ ਡੇਢ ਕੁ ਸਾਲ ਤੋਂ ਸੜਕ ਬੰਦ ਪਈ ਹੈ | ਕੀੜੀ ਦੀ ਚਾਲ ਨਾਲ ਚਲ ਰਹੇ ਇਸ ਕੰਮ ਕਾਰਨ ਹਾਈਵੇਅ ਤੋਂ ਸ਼ਹਿਰ 'ਚ ਆਉਣ ਵਾਲਾ ਸਾਰਾ ਟ੍ਰੈਫਿਕ ਚਹਿਲ ਰੋਡ ਦੇ ਪਾਸੇ ਤੋਂ ਹੀ ਆਉਂਦਾ ਹੈ ਤੇ ਇਥੇ ਬਣੇ ਰੇਲਵੇ ਫਾਟਕ 'ਤੇ ਬਹੁਤ ਜਮਾਵੜਾ ਲੱਗਿਆ ਰਹਿੰਦਾ ਹੈ | ਫਾਟਕ ਬੰਦ ਹੋਣ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ | ਇਥੇ ਟ੍ਰੈਫਿਕ ਮੁਲਾਜ਼ਮ ਦੀ ਤਾਇਨਾਤੀ ਨਾ ਹੋਣ ਕਾਰਨ ਕਾਹਲੀ ਵਾਲੇ ਵਾਹਨ ਚਾਲਕ ਅੜੀਕਾ ਖੜਾ ਕਰਦੇ ਹਨ | ਇਸ 'ਚ ਖਾਸ ਕਰ ਕੇ ਬੱਸਾਂ ਅਤੇ ਵੱਡੇ ਘਰਾਂ ਦੇ ਕਾਕਿਆਂ ਦੀਆਂ ਵੱਡੀਆਂ ਗੱਡੀਆਂ ਹੁੰਦੀਆਂ ਹਨ ਜੋ ਕਿ ਪਹਿਲਾਂ ਨਿਕਲਣ ਦੀ ਤਾਕ ਵਿਚ ਗਲਤ ਪਾਸੇ ਤੋਂ ਆਉਂਦੇ ਹਨ, ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਕਈ ਵਾਰ ਲੜਾਈ ਝਗੜਿਆਂ ਦਾ ਸਬੱਬ ਵੀ ਬਣਦਾ ਹੈ | ਸਕੂਲਾਂ ਵਿਚ ਛੁੱਟੀ ਸਮੇਂ ਇਥੇ ਭੀੜ ਹੋਰ ਵੱਧ ਜਾਂਦੀ ਹੈ ਅਤੇ ਬੱਚਿਆਂ ਨਾਲ ਹਾਦਸਾ ਵਾਪਰਣ ਦਾ ਡਰ ਵੀ ਲੱਗਿਆ ਰਹਿੰਦਾ ਹੈ | ਸਕੂਲੀ ਬੱਚੇ ਲੈ ਕੇ ਜਾਣ ਵਾਲੇ ਪਰਿਵਾਰਾਂ ਵਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਥੇ ਘੱਟੋ ਘੱਟ ਦੋ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ ਉਹ ਵੀ ਖਾਸ ਕਰ ਸਕੂਲ ਲੱਗਣ ਤੇ ਛੁੱਟੀ ਦੇ ਸਮੇਂ ਅਤੇ ਜਲਦੀ ਅੱਗੇ ਲੰਗਣ ਦੀ ਕੋਸ਼ਿਸ਼ ਵਿਚ ਗਲਤ ਰਸਤੇ ਜਾਣ ਵਾਲੇ ਵਾਹਨਾਂ ਨੂੰ ਸਖ਼ਤੀ ਨਾਲ ਨਜਿਠਿਆ ਜਾਵੇ, ਜਿਸ ਕਾਰਨ ਹਾਦਸਿਆਂ ਤੋਂ ਬਚਿਆ ਜਾ ਸਕੇ |