15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸੀਵਰੇਜ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਤੇ ਸੜਕਾਂ 'ਚ ਖੜਿ੍ਹਆ ਪਾਣੀ <br/>

ਅਜੀਤ ਡੈਸਕ 17-07-2025
ਕੋਟਕਪੂਰਾ, 16 ਜੁਲਾਈ (ਮੇਘਰਾਜ)-ਕੋਟਕਪੂਰਾ ਸ਼ਹਿਰ ਬਿਨ੍ਹਾਂ ਮੀਂਹ ਦੇ ਪਾਣੀ ਤੋਂ ਵੀ ਕਈ ਵਾਰਡਾਂ ਦੀਆਂ ਗਲੀਆਂ ਅਤੇ ਸੜਕਾਂ 'ਤੇ ਪਾਣੀ ਖੜ੍ਹਾ ਰਹਿੰਦਾ ਹੈ | ਸ਼ਹਿਰ 'ਚ ਸੀਵਰੇਜ ਦੀ ਹਾਲਤ ਵੀ ਠੀਕ ਨਹੀਂ ਹੈ | ਕਈ ਮੁਹੱਲਿਆਂ 'ਚ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਤੇ ਗਲੀਆਂ ਪੁੱਟ ਦਿੱਤੀਆਂ ਗਈਆਂ ਸਨ | ਉਨ੍ਹਾਂ ਵਾਰਡਾਂ 'ਚ ਸੀਵਰੇਜ ਦੀਆਂ ਪਾਈਪਾਂ ਦਾ ਕੰਮ ਸਿਰੇ ਚੜ੍ਹ ਗਿਆ ਪ੍ਰੰਤੂ ਗਲੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ | ਹੁਣ ਬੀਤੇ ਕਈ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਨ ਸ਼ਹਿਰ ਦੇ ਵੱਖ ਵੱਖ ਗਲੀਆਂ, ਮੁਹੱਲਿਆਂ ਤੇ ਮੁੱਖ ਸੜਕਾਂ 'ਤੇ ਪਾਣੀ ਹਾਲੇ ਤੱਕ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਸ਼ਹਿਰ ਦੇ 29 ਵਾਰਡਾਂ 'ਚ ਸੀਵਰੇਜ ਦੇ ਪਾਣੀ ਦਾ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਮੁਹੱਲਾ ਵਾਸੀ ਡਾਢੇ ਪ੍ਰੇਸ਼ਾਨ ਹਨ | ਮੀਂਹ ਕਾਰਨ ਹਰ ਵਾਰਡ ਦੀਆਂ ਗਲੀਆਂ ਤੇ ਮੁੱਖ ਗਲੀਆਂ 'ਚ ਪਾਣੀ ਖੜ੍ਹਾ ਹੈ | ਖੜ੍ਹੇ ਪਾਣੀ ਕਾਰਨ ਔਰਤਾਂ, ਵਿਦਿਆਰਥੀਆਂ, ਬਜ਼ੁਰਗਾਂ ਨੂੰ ਘਰੋਂ ਨਿਕਲਣਾ ਔਖਾ ਹੋ ਗਿਆ ਹੈ | ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣ ਲਈ ਵੀ ਲੋਕਾਂ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ | ਬੱਤੀਆਂ ਵਾਲਾ ਚੌਕ ਤੋਂ ਤਿੰਨਕੋਣੀ, ਫੇਰੂਮਾਨ ਚੌਕ ਤੋਂ ਪੁਰਾਣਾ ਸ਼ਹਿਰ, ਬੱਸ ਅੱਡੇ ਤੋਂ ਪੁਰਾਣਾ ਸ਼ਹਿਰ, ਮੋਗਾ ਰੋਡ ਤੋਂ ਕਿਲ੍ਹਾ ਪਾਰਕ ਵਾਲੀਆਂ ਸੜਕਾਂ 'ਤੇ ਹਾਲੇ ਵੀ ਫੁੱਟ ਫੁੱਟ ਪਾਣੀ ਖੜ੍ਹਾ ਹੈ | ਸਕੂਲੀ ਵਿਦਿਆਰਥੀਆਂ ਨੂੰ ਸਕੂਲਾਂ ਨੂੰ ਜਾਣ ਲਈ ਆਪਣੇ ਬੂਟ ਲਿਫਾਫ਼ੇ 'ਚ ਪਾਉਣੇ ਪੈਂਦੇ ਹਨ ਤੇ ਪੈਂਟਾਂ ਗੋਡਿਆਂ ਤੱਕ ਚੜ੍ਹਾਉਣੀਆਂ ਪੈਂਦੀਆਂ ਹਨ | ਮਰੀਜ਼ਾਂ ਨੂੰ ਹਸਪਤਾਲਾਂ 'ਚ ਜਾਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੋਗਾ ਰੋਡ ਦੇ ਇਕ ਪਾਸੇ ਦੁਕਾਨਾਂ ਪੁਰਾਣੀਆਂ ਤੇ ਨੀਵੀਆਂ ਹੋਣ ਕਾਰਨ ਦੁਕਾਨਾਂ 'ਚ ਪਾਣੀ ਚਲਾ ਗਿਆ | ਸਥਾਨਕ ਐਸ.ਡੀ.ਐਮ ਦਫ਼ਤਰ ਦੇ ਮੁੱਖ ਗੇਟ ਮੂਹਰੇ ਵੀ ਪਾਣੀ ਖੜ੍ਹਾ ਹੈ ਜਿਸ ਕਾਰਨ ਪੈਦਲ ਲੋਕਾਂ ਨੂੰ ਦਫ਼ਤਰ ਆਉਣ ਜਾਣ 'ਚ ਕਾਫ਼ੀ ਦਿੱਕਤ ਪੇਸ਼ ਆਉਂਦੀ ਹੈ | ਦੁਕਾਨਾਂ 'ਚ ਪਾਣੀ ਤੇ ਬਾਹਰ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਖੋਲ੍ਹਣ 'ਚ ਅਸਮਰੱਥ ਹਨ | ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਨਜ਼ਦੀਕ ਸੜਕ ਦੀ ਹਾਲਤ ਕਾਫ਼ੀ ਮਾੜੀ ਹੋ ਗਈ ਹੈ | ਇਸ ਸੜਕ 'ਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕ ਪੁੱਟੀ ਗਈ ਸੀ ਪ੍ਰੰਤੂ ਸੜਕ ਦਾ ਨਵ-ਨਿਰਮਾਣ ਨਹੀਂ ਕੀਤਾ ਗਿਆ ਜਿਸ ਕਾਰਨ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਉਣ ਜਾਣ 'ਚ ਕਾਫ਼ੀ ਦਿੱਕਤ ਪੇਸ਼ ਆਉਂਦੀ ਹੈ | ਉਕਤ ਸਮੱਸਿਆਵਾਂ ਸਬੰਧੀ ਕਈ ਵਾਰ ਖਬਰਾਂ ਅਖਬਾਰ 'ਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਪ੍ਰੰਤੂ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ | ਕਈ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਖੜ੍ਹੇ ਪਾਣੀ ਕਾਰਨ ਮੱਛਰ, ਮੱਖੀਆਂ ਤੇ ਹੋਰ ਜ਼ਹਿਰੀਲੇ ਕੀਟਾਣੂ ਪੈਦਾ ਹੋ ਰਹੇ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਮੰਡਰਾ ਰਿਹਾ ਹੈ | ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਸ਼ਹਿਰ 'ਚ ਸੀਵਰੇਜ ਅਤੇ ਬਾਰਸ਼ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ |

ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ. ਠੇਕਾ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੀਤੀ ਗੇਟ ਰੈਲੀ ਅਗਲੀ ਖ਼ਬਰ ਟਰੈਕਟਰਾਂ 'ਤੇ ਸ਼ਰੇ੍ਹਆਮ ਲੱਚਰ ਗੀਤ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।