ਜੈਤੋ, 16 ਜੁਲਾਈ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਵਿਖੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਕਥਾ ਕੀਰਤਨ ਸਮਾਗਮ ਅਤੇ ਸਨਮਾਨ ਸਮਾਰੋਹ ਵਿਚ 45 ਸਕੂਲਾਂ ਦੇ ਲਗਪਗ 900 ਸਾਬਤ ਸੂਰਤ ਵਿਦਿਆਰਥੀ/ਵਿਦਿਆਰਥਣਾਂ ਨੇ ਭਾਗ ਲਿਆ | ਗੁਰਦੁਆਰਾ ਸਾਹਿਬ ਦੇ ਮੈਨੇਜਰ ਡਾ. ਜਸਪਾਲ ਸਿੰਘ ਮੁਤਾਬਿਕ ਉਕਤ ਸ਼ਾਨਦਾਰ ਸਮਾਗਮ ਵਿਚ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐੱਸ. ਜੀ. ਪੀ. ਸੀ. ਸਮੇਤ ਵੱਡੀ ਗਿਣਤੀ ਵਿਚ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਡਾ. ਅਵੀਨਿੰਦਰਪਾਲ ਸਿੰਘ, ਪ੍ਰੋਜੈਕਟ ਕੋਆਰਡੀਨੇਟਰ ਜਗਮੋਹਨ ਸਿੰਘ ਤੇ ਨਵਨੀਤ ਸਿੰਘ ਨੇ ਦੱਸਿਆ ਕਿ ਭਾਈ ਕੁਲਬੀਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਜਦਕਿ ਭਾਈ ਹਰਜੋਤ ਸਿੰਘ ਲੱਧੂਵਾਲਾ ਅਤੇ ਭਾਈ ਅਵਤਾਰ ਸਿੰਘ ਘਰਿਆਲਾ ਨੇ ਗੁਰਬਾਣੀ, ਇਤਿਹਾਸ ਅਤੇ ਕਥਾ ਵਿਚਾਰਾਂ ਰਾਹੀਂ ਵਿਦਿਆਰਥੀ/ਵਿਦਿਆਰਥਣਾਂ ਸਮੇਤ ਭਾਰੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ | ਉਕਤ ਪ੍ਰਚਾਰਕਾਂ ਨੇ ਭਾਈ ਤਾਰੂ ਸਿੰਘ ਜੀ ਦਾ ਜੀਵਨ ਇਤਿਹਾਸ, ਪੇ੍ਰਰਨਾਵਾਂ ਅਤੇ ਗੁਰਬਾਣੀ ਦੀਆਂ ਅੰਕੜਿਆਂ ਸਹਿਤ ਦਲੀਲਾਂ ਨਾਲ ਉਦਾਹਰਨਾ ਦੇ ਕੇ ਸਮਝਾਇਆ ਕਿ ਕੇਸਾਂ ਦੀ ਮਹੱਤਤਾ ਕਿਉਂ ਜ਼ਰੂਰੀ ਹੈ? ਅਸੀਂ ਆਪਣੇ ਕਿਰਦਾਰ ਨੂੰ ਸਾਫ਼ ਸੁਥਰਾ ਕਿਵੇਂ ਅਤੇ ਕਿਉਂ ਰੱਖਣਾ ਹੈ? ਸਟੇਜ ਸੰਚਾਲਨ ਕਰਦਿਆਂ ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਅਤੇ ਜ਼ੋਨਲ ਸਕੱਤਰ ਗੁਰਚਰਨ ਸਿੰਘ ਜੈਤੋ ਨੇ ਦੱਸਿਆ ਕਿ ਲਗਪਗ 900 ਸਾਬਤ ਸੂਰਤ ਉਨ੍ਹਾਂ ਵਿਦਿਆਰਥੀ/ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਸਾਰੀ ਉਮਰ ਕੇਸ ਰੱਖਣ ਅਤੇ ਕੇਸਾਂ ਦੀ ਬੇਅਦਬੀ ਨਾ ਕਰਨ ਦਾ ਪ੍ਰਣ ਕੀਤਾ | ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸਾਂ ਦਾ ਸਤਿਕਾਰ, ਦਸਤਾਰ ਤੇ ਕਿਰਦਾਰ, ਸਿੱਖ ਜੁਝਾਰੂਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਸਾਹਿਤ ਵੀ ਵੱਡੀ ਗਿਣਤੀ ਵਿਚ ਵੰਡਿਆ ਗਿਆ | ਖੇਤਰ ਪੋ੍ਰਜੈਕਟ ਕੋਆਰਡੀਨੇਟਰ ਸੁਖਦੇਵ ਸਿੰਘ, ਬਲਜੀਤ ਸਿੰਘ ਝੱਖੜਵਾਲਾ, ਤੇਜ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ ਸਿਵੀਆਂ ਵਲੋਂ ਲੱਗੀ ਪੁਸਤਕ ਪ੍ਰਦਰਸ਼ਨੀ ਤੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਇਤਿਹਾਸ, ਗੁਰਬਾਣੀ, ਸਿਹਤ, ਸਾਹਿਤ, ਸਮਾਜਿਕ ਖੇਤਰ ਨਾਲ ਸਬੰਧਿਤ ਪੁਸਤਕਾਂ ਦੀ ਖਰੀਦੋ-ਫਰੋਖਤ ਕੀਤੀ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਜਥੇਬੰਦੀ ਵਲੋਂ ਲਾਏ ਗਏ ਸੈਲਫ਼ੀ ਪੁਆਇੰਟ ਤੋਂ ਆਪੋ ਆਪਣੀ ਪਸੰਦ ਦੀਆਂ ਤਸਵੀਰਾਂ ਖਿੱਚੀਆਂ | ਅੰਤ ਵਿਚ ਦਲਬੀਰ ਸਿੰਘ ਸਰਾਵਾਂ ਨੇ ਸਾਰੀਆਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਸਮੇਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਬਦਲੇ ਧੰਨਵਾਦ ਕੀਤਾ |