ਕਿਸ਼ਨਪੁਰਾ ਕਲਾਂ, 15 ਜੁਲਾਈ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਜੋ ਕਿ ਸਿੱਖਿਆ ਦੇ ਖੇਤਰ ਵਿਚ ਇਕ ਮੋਹਰੀ ਸੰਸਥਾ ਬਣ ਚੁੱਕੀ ਹੈ ਸਿੱਖਿਆ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਵੀ ਸਕੂਲ ਕੈਂਪਸ ਵਿਖੇ ਕਰਵਾਉਂਦੀ ਰਹਿੰਦੀ ਹੈ | ਇਸੇ ਕੜੀ ਤਹਿਤ ਸਕੂਲ ਵਿਖੇ ਬਿਨਾਂ ਅੱਗ ਅਤੇ ਖੰਡ ਤੋਂ ਕੁਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਚਾਰ ਤੋਂ ਪੰਜ ਬੱਚਿਆਂ ਦੀ ਟੀਮ ਬਣਾਈ ਗਈ ਜੋ ਕਿ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਬਣਾ ਕੇ ਆਪਣੀ ਕਾਰਗੁਜ਼ਾਰੀ ਵਿਖਾ ਰਹੀ ਸੀ | ਬੱਚਿਆਂ ਨੇ ਇਸ ਵਿਚ ਪੀਣ ਲਈ ਮੋਜੀਟੋ ਬਣਾਏ ਤੇ ਮਿੱਠੇ ਵਿਚ ਚਾਕਲੇਟ ਪੁਡਿੰਗ ਅਤੇ ਸੈਂਡਵਿਚ ਬਣਾਏ ਗਏ | ਕਈ ਵਿਦਿਆਰਥੀਆਂ ਨੇ ਪਕਵਾਨ ਨੂੰ ਸੁੰਦਰ ਢੰਗ ਨਾਲ ਸਜਾਉਣ ਦੇ ਲਈ ਅਲੱਗ-ਅਲੱਗ ਸਬਜ਼ੀਆਂ ਅਤੇ ਸਲਾਦ ਦੀ ਵਰਤੋਂ ਵੀ ਕੀਤੀ | ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਸ਼ਰਦਈ ਤਿਆਰ ਕੀਤੀ ਗਈ | ਇਕ ਘੰਟੇ ਦੇ ਇਸ ਕੰਪੀਟੀਸ਼ਨ ਵਿਚ ਬੱਚਿਆਂ ਵਲੋਂ ਤਿਆਰ ਖਾਣ ਵਾਲੇ ਪਦਾਰਥਾਂ ਨੂੰ ਵੱਖ-ਵੱਖ ਜੱਜਾਂ ਵਲੋਂ ਖਾ ਕੇ ਚੈੱਕ ਕੀਤਾ ਗਿਆ ਅਤੇ ਉਨ੍ਹਾਂ ਦੇ ਅਨੁਸਾਰ ਉਨ੍ਹਾਂ ਨੂੰ ਨੰਬਰ ਦਿੱਤੇ ਗਏ | ਪਹਿਲੇ ਨੰਬਰ 'ਤੇ ਆਉਣ ਵਾਲੇ ਬੱਚਿਆਂ ਨੇ ਸਰਦਈ ਤੇ ਸੈਂਡਵਿਚ ਬਣਾਇਆ, ਦੂਜੇ ਨੰਬਰ 'ਤੇ ਵੈਜੀਟੇਬਲ ਸੈਂਡਵਿਚ ਅਤੇ ਮਜੀਟੋ ਅਤੇ ਤੀਜੇ ਨੰਬਰ 'ਤੇ ਕੋਕੋਨਟ ਲੱਡੂ ਅਤੇ ਕੇਕ ਬਣਾਉਣ ਵਾਲੇ ਬੱਚੇ ਆਏ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਮੋਨਾ ਠਾਕੁਰ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਦੇ ਚੇਅਰਮੈਨ ਸਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰੈਜੀਡੈਂਟ ਹਰੀਕਿ੍ਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ, ਗਗਨਦੀਪ ਬਾਵਾ ਆਦਿ ਹਾਜ਼ਰ ਸਨ |