23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕੌਂਸਲਰਾਂ ਅਤੇ ਪ੍ਰਧਾਨ ਦਰਮਿਆਨ ਰੇੜਕਾ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਸਮਰਥਕਾਂ ਸਮੇਤ ਡੀ.ਐਸ.ਪੀ ਨੂੰ ਮਿਲੇ

ਅਜੀਤ ਡੈਸਕ 16-07-2025
ਕੋਟਕਪੂਰਾ, 15 ਜੁਲਾਈ (ਪੱਤਰ ਪ੍ਰੇਰਕ)-ਸ਼ਹਿਰ ਦੀਆਂ ਜਨਤਕ ਮੰਗਾਂ ਮਨਾਉਣ ਲਈ ਨਗਰ ਕੌਂਸਲ ਕੋਟਕਪੂਰਾ ਦੇ ਦਫ਼ਤਰ ਨੂੰ ਜਿੰਦਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਕੁਝ ਕੌਂਸਲਰਾਂ ਅਤੇ ਸ਼ਹਿਰੀਆਂ ਨੂੰ ਸਥਾਨਕ ਪ੍ਰਸ਼ਾਸ਼ਨ ਵਲੋਂ 17 ਜੁਲਾਈ ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਉਪਰੰਤ ਧਰਨਾਕਾਰੀਆਂ ਵਲੋਂ ਰੋਸ ਧਰਨਾ ਹਾਲ ਦੀ ਘੜੀ ਸਮਾਪਤ ਕਰ ਦਿੱਤਾ ਗਿਆ ਹੈ | ਉਧਰ ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਵਲੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਪ੍ਰਦੀਪ ਕੁਮਾਰ ਕੁੱਕੀ ਚੋਪੜਾ, ਵਿੱਕੀ ਬਰਾੜ, ਟੀਪੂ ਦਿਓੜਾ ਅਤੇ ਆਪਣੇ ਹੋਰ ਸੀਨੀਅਰ ਆਗੂਆਂ ਸਮੇਤ ਜਤਿੰਦਰ ਸਿੰਘ ਡੀ.ਐਸ.ਪੀ. ਕੋਟਕਪੂਰਾ ਨੂੰ ਮਿਲ ਕੇ ਇਕ ਸ਼ਿਕਾਇਤ ਦਿੱਤੀ ਅਤੇ ਇਸ ਉਪਰ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਂਸਲਰਾਂ ਨੂੰ ਨਗਰ ਕੌਂਸਲ ਦੇ ਦਫ਼ਤਰ ਨੂੰ ਜਿੰਦਾ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸਫ਼ਾਈ ਅਤੇ ਗ਼ੰਦੇ ਨਾਲ਼ੇ ਦਾ ਮੁੱਖ ਕੰਮ ਹੈ, ਜਿਨ੍ਹਾਂ ਵਿਚੋਂ ਅਸੀਂ ਸਫ਼ਾਈ ਵਾਲੇ ਪਾਸੇ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਇਹ ਕੰਮ ਸੌ ਫ਼ੀਸਦੀ ਤਾਂ ਪੂਰਾ ਨਹੀਂ ਹੋ ਸਕਿਆ, ਪ੍ਰੰਤੂ ਫਿਰ ਵੀ ਕਾਫੀ ਹੱਦ ਤੱਕ ਕੰਮ ਹੋਇਆ ਹੈ | ਦਫ਼ਤਰ ਨੂੰ ਕੌਂਸਲਰਾਂ ਵਲੋਂ ਜਿੰਦਾ ਲਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਉਹ ਡਿਪਟੀ ਕਮਿਸ਼ਨਰ ਫ਼ਰੀਦਕੋਟ, ਏ.ਡੀ.ਸੀ.ਫ਼ਰੀਦਕੋਟ, ਐਸ.ਡੀ.ਐਮ ਕੋਟਕਪੂਰਾ, ਡੀ.ਐਸ.ਪੀ ਕੋਟਕਪੂਰਾ, ਐਸ.ਐਚ.ਓ. ਥਾਣਾ ਸਿਟੀ ਅਤੇ ਡੀ.ਜੀ.ਪੀ. ਪੰਜਾਬ ਤੱਕ ਪਹੁੰਚ ਕਰਨਗੇ | ਜੇਕਰ ਲੋੜ ਪਈ ਤਾਂ ਚੀਫ਼ ਜਸਟਿਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਕਰਾਂਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਦੀ ਸਥਿਤੀ ਜਾਨਣ ਲਈ ਆਪਣੇ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਹਨ | ਬਾਰਸ਼ ਸਮੇਤ ਨਾਲੀਆਂ ਦੇ ਗ਼ੰਦੇ ਪਾਣੀ ਦੀ ਨਿਕਾਸੀ ਲਈ ਵੀ ਉਨ੍ਹਾਂ ਵਲੋਂ ਯਤਨ ਜਾਰੀ ਹਨ | ਇਸ ਮੌਕੇ ਰਣਜੀਤ ਸਿੰਘ ਸਿੱਧੂ, ਹਰਵਿੰਦਰ ਸਿੰਘ ਰਿੰਕੂ, ਨਿਰਮਲ ਸਿੰਘ ਨਿੰਮਾ, ਗੁਰਮੁਖ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸੁੱਖੀ, ਘਨਸ਼ਾਮ ਮਿੱਤਲ ਸਮੇਤ ਹੋਰ ਵੀ ਕੌਂਸਲਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਾਇਤ ਸਕੱਤਰ ਯੂਨੀਅਨ ਫ਼ਰੀਦਕੋਟ ਦੀ ਮੀਟਿੰਗ ਅਗਲੀ ਖ਼ਬਰ ਸਰਪੰਚ ਖ਼ੁਸ਼ਵੀਰ ਸਿੰਘ ਮਾਨ 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।