09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਗਰ ਨਿਗਮ ਵਲੋਂ ਸ਼ਹਿਰ 'ਚ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਨਾਲ ਜੁੜੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਨਵਾਂ ਸ਼ਡਿਊਲ ਜਾਰੀ

ਅਜੀਤ ਡੈਸਕ 25-12-2025
ਪਟਿਆਲਾ, 24 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਵਿਚ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਨਾਲ ਜੁੜੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ | ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਫੇਸ ਵਾਟਰ ਪ੍ਰੋਜੈਕਟ 'ਤੇ ਕੰਮ ਕਰ ਰਹੀ ਐੱਲ ਐਂਡ ਟੀ ਕੰਪਨੀ ਵਲੋਂ ਨਿਗਮ ਨੂੰ ਪੂਰਾ ਸਹਿਯੋਗ ਦੇਣ ਅਤੇ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਐੱਲ ਐਂਡ ਟੀ ਕੰਪਨੀ ਵਲੋਂ ਦਿੱਤੀ ਗਈ ਯੋਜਨਾ ਅਨੁਸਾਰ 25 ਦਸੰਬਰ 2025 ਤੋਂ 31 ਦਸੰਬਰ 2025 ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਦੀਆਂ ਪਾਈਪਾਂ ਦੀ ਮੁਰੰਮਤ, ਨਵੇਂ ਵਾਲਵ ਲਗਾਉਣ ਅਤੇ ਨਵੀਆਂ ਪਾਈਪਾਂ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾਵੇਗਾ | ਇਸ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਸੁਚੱਜੀ, ਸੁਰੱਖਿਅਤ ਅਤੇ ਨਿਰੰਤਰ ਪਾਣੀ ਸਪਲਾਈ ਯਕੀਨੀ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਵਲੋਂ ਪਹਿਲਾਂ ਚਲਾਈ ਗਈ ਵਿਸ਼ੇਸ਼ ਮੁਰੰਮਤ ਮੁਹਿੰਮ ਤਹਿਤ 4 ਦਸੰਬਰ ਤੋਂ 24 ਦਸੰਬਰ ਦਰਮਿਆਨ ਨਿਰਧਾਰਤ ਕੀਤੇ ਗਏ ਜ਼ਿਆਦਾਤਰ ਵਿਕਾਸ ਕਾਰਜ ਸਫਲਤਾਪੂਰਵਕ ਪੂਰੇ ਕਰ ਲਏ ਗਏ ਹਨ | ਇਨ੍ਹਾਂ ਕੰਮਾਂ ਨਾਲ ਕਈ ਇਲਾਕਿਆਂ ਵਿਚ ਪਾਣੀ ਸਪਲਾਈ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਦੂਰ ਕੀਤਾ ਗਿਆ ਹੈ | ਨਗਰ ਨਿਗਮ ਵਲੋਂ ਸਰਫੇਸ ਵਾਟਰ ਪ੍ਰੋਜੈਕਟ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਇਲਾਕਿਆਂ ਵਿਚ ਕੰਮ ਹੋਣਾ ਹੈ, ਉਥੇ ਵਸਨੀਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੰਮ ਦੌਰਾਨ ਨਗਰ ਨਿਗਮ ਦਾ ਸਹਿਯੋਗ ਕੀਤਾ ਜਾਵੇ ਤੇ ਅਸਥਾਈ ਅਸੁਵਿਧਾਵਾਂ ਲਈ ਸਹਿਣਸ਼ੀਲਤਾ ਰੱਖੀ ਜਾਵੇ, ਤਾਂ ਜੋ ਭਵਿੱਖ ਵਿਚ ਪਟਿਆਲਾ ਨੂੰ ਬਿਹਤਰ ਪਾਣੀ ਸਪਲਾਈ ਮਿਲ ਸਕੇ¢
ਪਿਛਲੀ ਖ਼ਬਰ ਲੜਕੀ ਨੂੰ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ ਅਗਲੀ ਖ਼ਬਰ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਕਰਕੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।