ਬਨੂੜ, 20 ਨਵੰਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਪੰਜਾਬ ਵਲੋਂ ਭਾਰਤ ਦੇ ਸਭ ਤੋਂ ਜੀਵੰਤ ਅਤੇ ਲੋਕਪਿ੍ਯ ਰਾਸ਼ਟਰੀ ਰੰਗਮੰਚ ਸਮਾਰੋਹਾਂ ਵਿਚੋਂ ਇਕ 'ਰੰਗਰੇਜ਼ 2025' ਕਰਵਾਇਆ ਗਿਆ | ਦੋ ਦਿਨ ਤੱਕ ਚੱਲੇ ਇਸ ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਥੀਏਟਰ ਟਰੂਪਾਂ, ਕਹਾਣੀਕਾਰਾਂ, ਕਲਾਕਾਰਾਂ ਅਤੇ ਵਿਦਿਆਰਥੀ ਪ੍ਰਸਤੁਤਕਾਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਵਾਰ ਦਾ ਥੀਮ 'ਦਾਸਤਾਨ-ਜਰਨੀਜ਼ ਇਨ ਰਿਦਮ, ਸਟੋਰੀਜ਼ ਇਨ ਮੋਸ਼ਨ' ਰਿਹਾ, ਜਿਸ ਅਧੀਨ ਪ੍ਰਾਚੀਨ ਦਰਬਾਰਾਂ ਅਤੇ ਪਿੰਡਾਂ ਦੀਆਂ ਚੌਪਾਲਾਂ ਤੋਂ ਲੈ ਕੇ ਆਧੁਨਿਕ ਰੰਗਮੰਚ ਤੱਕ ਭਾਰਤ ਦੀ ਸੰਮਿ੍ਧ ਕਹਾਣੀ-ਸੰਪਰਦਾ ਨੂੰ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਰੰਗਰੇਜ਼ 2025 ਵਿਚ ਇਸ ਵਾਰ ਬਹੂੰਰੰਗੀ ਪ੍ਰਸਤੁਤੀਆਂ ਦੀ ਝਲਕ ਦੇਖਣ ਨੂੰ ਮਿਲੀ ਜਿਨ੍ਹਾਂ ਵਿਚ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਨੁੱਕੜ ਨਾਟਕ, ਰਾਸ਼ਟਰੀ ਅਤੇ ਯੂਨੀਵਰਸਿਟੀ ਟੀਮਾਂ ਵਲੋਂ ਪ੍ਰੋਸੀਨੀਅਮ (ਸਟੇਜ) ਪਲੇਅ, ਨਵੇਂ ਕਲਾਕਾਰਾਂ ਵਲੋਂ ਮੋਨੋਲੋਗ ਤੇ ਮੂਵਮੈਂਟ ਆਰਟ, ਕ੍ਰੀਐਟਿਵ ਗੇਮ, ਦਰਸ਼ਕ ਭਾਗੀਦਾਰੀ ਕਾਰਜਕ੍ਰਮ, ਵਿਦਿਆਰਥੀਆਂ ਵਲੋਂ ਕੈਂਪਸ ਕਲਾਤਮਕਤਾ ਤੇ ਸਾਂਝੀ ਸੱਭਿਆਚਾਰਿਕ ਪਛਾਣ ਦੀਆਂ ਵਿਲੱਖਣ ਪ੍ਰਸਤੁਤੀਆਂ ਦੇਖਣ ਨੂੰ ਮਿਲੀਆਂ | ਇਸ ਦੌਰਾਨ ਕੈਂਪਸ ਕਲਾ, ਕਹਾਣੀ ਤੇ ਪ੍ਰਦਰਸ਼ਨ ਦੇ ਰੰਗਾਂ ਨਾਲ ਰੌਸ਼ਨ ਰਿਹਾ | ਵੱਖ-ਵੱਖ ਕੈਟੇਗਰੀਆਂ ਵਿਚ ਭਾਗੀਦਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਕਈ ਸੰਸਥਾਵਾਂ ਦੀ ਪਰਫ਼ਾਰਮੈਂਸ ਖ਼ਾਸ ਤੌਰ 'ਤੇ ਕਾਬਲੇ-ਤਾਰੀਫ਼ ਰਹੀ | ਚਿਤਕਾਰਾ ਯੂਨੀਵਰਸਿਟੀ ਵਲੋਂ ਆਯੋਜਿਤ ਰਾਸ਼ਟਰੀ ਥੀਏਟਰ ਫੈਸਟੀਵਲ ਵਿਚ ਦੇਸ਼ ਦੇ 15 ਤੋਂ ਵੱਧ ਰਾਜਾਂ ਤੋਂ ਵਿਦਿਆਰਥੀਆਂ ਨੇ ਹਾਜ਼ਰੀ ਭਰੀ | ਮੋਨੋਲਾਗ, ਸਟਰੀਟ ਪਲੇ ਅਤੇ ਸਟੇਜ ਪਲੇ ਕੈਟੇਗਰੀ ਦੇ ਜੇਤੂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਨ ਜਿਨ੍ਹਾਂ ਵਿਚ ਗਵਾਲਿਅਰ ਤੇ ਹਰਿਆਣਾ ਦੇ ਭਾਗੀਦਾਰ ਵੀ ਸ਼ਾਮਲ ਸਨ | ਜੇਤੂਆਂ ਨੂੰ ਇਨਾਮ ਚਿਤਕਾਰਾ ਇੰਟਰਨੈਸ਼ਨਲ ਸਕੂਲਜ਼ ਦੀ ਵਾਇਸ ਪ੍ਰੈਜ਼ੀਡੈਂਟ ਤੇ ਡਾਇਰੈਕਟਰ ਡਾ. ਨਿਯਤੀ ਚਿਤਕਾਰਾ ਵਲੋਂ ਭੇਟ ਕੀਤੇ ਗਏ | ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰਡਾ. ਮਧੁ ਚਿਤਕਾਰਾ ਨੇ ਕਿਹਾ ਕਿ ਰੰਗਰੇਜ਼ ਹਮੇਸ਼ਾਂ ਹੀ ਰਚਨਾਤਮਕਤਾ, ਹਿੰਮਤ ਤੇ ਭਾਈਚਾਰੇ ਦਾ ਮੰਚ ਰਿਹਾ ਹੈ | ਇਸ ਵਾਰ ਫਿਰ ਸਾਬਤ ਹੋਇਆ ਕਿ ਜਦੋਂ ਨੌਜਵਾਨ ਇਕੱਠੇ ਹੋ ਕੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ, ਤਾਂ ਰੰਗਮੰਚ ਦੀ ਤਾਕਤ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ | ਸਾਨੂੰ ਮਾਣ ਹੈ ਕਿ ਅਸੀਂ ਦੇਸ਼ ਭਰ ਦੀ ਪ੍ਰਤਿਭਾ ਨੂੰ ਚਮਕਣ ਲਈ ਇਕ ਮਜ਼ਬੂਤ ਮੰਚ ਦਿੰਦੇ ਹਾਂ | ਰੰਗਰੇਜ਼ 2025 ਨੇ ਨੌਜਵਾਨਾਂ ਨੂੰ ਨਵੀਆਂ ਕਹਾਣੀਆਂ, ਨਵੇਂ ਵਿਚਾਰ ਤੇ ਨਵੇਂ ਪ੍ਰਯੋਗ ਕਰਨ ਲਈ ਉਤਸ਼ਾਹਿਤ ਕੀਤਾ | ਸਮਾਰੋਹ ਰਾਸ਼ਟਰੀ ਪੱਧਰ 'ਤੇ ਰੰਗਮੰਚੀ ਸਾਂਝ, ਵਿਚਾਰਾਂ ਦੇ ਅਦਾਨ-ਪ੍ਰਦਾਨ ਤੇ ਨਵੀਂ ਪ੍ਰਦਰਸ਼ਨ-ਸ਼ੈਲੀ ਦੇ ਉਭਾਰ ਦਾ ਕੇਂਦਰ ਬਣਿਆ ਰਿਹਾ | ਅੰਤ ਵਿਚ, ਚਿਤਕਾਰਾ ਯੂਨੀਵਰਸਿਟੀ ਨੇ ਰੰਗਰੇਜ਼ 2025 ਵਿਚ ਸ਼ਿਰਕਤ ਕਰਨ ਵਾਲੇ ਸਾਰੇ ਰੰਗਮੰਚ ਪ੍ਰੇਮੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਮਾਰੋਹ ਨੂੰ ਕਲਾ, ਰਚਨਾਤਮਕਤਾ ਅਤੇ ਸਾਂਝੇ ਸਹਿਯੋਗ ਦਾ ਇਕ ਯਾਦਗਾਰ ਜਸ਼ਨ ਬਣਾਇਆ |