ਪਟਿਆਲਾ, 20 ਨਵੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ 'ਚ ਨੈਸ਼ਨਲ ਸਰਵਿਸ ਸਕੀਮ (ਐੱਨ.ਐੱਸ.ਐੱਸ.) ਵਿਭਾਗ ਵਲੋਂ ਨਸ਼ਾ ਮੁਕਤ ਅਭਿਆਨ ਅਧੀਨ ਇਕ ਭਾਸ਼ਣ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਨੌਜਵਾਨਾਂ ਨੂੰ ਸਕਾਰਾਤਮਿਕ ਗਤੀਵਿਧੀਆਂ ਵੱਲ ਧਿਆਨ ਆਕਰਸ਼ਿਤ ਕਰਨ 'ਚ ਸਲਾਹ ਦਿੱਤੀ, ਜਿਸ ਨਾਲ ਨਸ਼ੇ ਦੀ ਲੱਤ ਤੋਂ ਬਚਿਆ ਜਾ ਸਕੇ | ਪ੍ਰੋ. ਸੁਪਨਪ੍ਰੀਤ ਸਿੰਘ ਨੇ ਕਿਹਾ ਕਿ, ਨਸ਼ਾ ਮੁਕਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਹਰ ਵਿਦਿਆਰਥੀ ਨੂੰ ਅੱਜ ਤੋਂ ਹੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਜੇਕਰ ਵਿਦਿਆਰਥੀ ਆਪਣੇ ਹਿਤਾਂ ਪ੍ਰਤੀ ਸੁਚੇਤ ਹੋਣਗੇ ਤਾਂ ਹੀ ਉਹ ਚੰਗਾ ਤੇ ਸੁਚਾਰੂ ਸਮਾਜ ਸਿਰਜ ਸਕਦੇ ਹਨ | ਇਸ ਮੌਕੇ 'ਤੇ ਕਾਲਜ ਪਿ੍ੰਸੀਪਲ ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀਗਤ ਜੀਵਨ ਨੂੰ ਬਰਬਾਦ ਕਰਦਾ ਹੈ, ਸਗੋਂ ਪੂਰੇ ਸਮਾਜ ਨੂੰ ਵੀ ਪਿਛਾਂਹ ਲੈ ਕੇ ਜਾਂਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਨਸ਼ੇ ਤੋਂ ਬਣਾਉਣ ਲਈ ਅੱਗੇ ਆਉਣ ਅਤੇ ਐੱਨ.ਐੱਸ.ਐੱਸ. ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ | ਇਸ ਮੌਕੇ ਪ੍ਰੋ. ਜਗਤਾਰ ਸਿੰਘ, ਪ੍ਰੋ. ਸਪਨਾ ਅਤੇ ਪ੍ਰੋ. ਗੁਰਵੀਰ ਸਿੰਘ ਅਤੇ ਵਿਦਿਆਰਥੀਆਂ ਵੱਡੀ ਗਿਣਤੀ 'ਚ ਹਾਜ਼ਰ ਸਨ |