29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੰਜਾਬੀ 'ਵਰਸਿਟੀ ਦਾ ਅੰਤਰ-ਖੇਤਰੀ ਯੁਵਕ ਤੇ ਲੋਕ ਮੇਲਾ ਆਰੰਭ

ਅਜੀਤ ਡੈਸਕ 21-11-2025
ਪਟਿਆਲਾ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅੰਤਰ-ਖੇਤਰੀ ਯੁਵਕ ਤੇ ਲੋਕ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ | ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਜਾ ਰਹੇ ਮੇਲੇ 'ਚ ਛੇ ਖੇਤਰੀ ਯੁਵਕ ਮੇਲਿਆਂ 'ਚੋਂ ਜਿੱਤ ਕੇ ਆਈਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ | ਮੇਲੇ ਦੇ ਮੁੱਖ ਸਥਾਨ 'ਗੁਰੂ ਤੇਗ ਬਹਾਦਰ ਹਾਲ' ਵਿਖੇ ਮੇਲੇ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ | ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ ਵੀ ਉਦਘਾਟਨੀ ਸੈਸ਼ਨ ਦੌਰਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਪਰ ਅੱਜ ਦੇ ਸਮੇਂ ਸਾਡੇ ਸਭ ਲਈ ਪਰਖ ਦੀ ਘੜੀ ਇਹ ਬਣੀ ਹੋਈ ਹੈ ਕਿ ਗਿਆਨ ਤੇ ਤਕਨਾਲੋਜੀ ਦੇ ਨਵੇਂ ਯੁੱਗ 'ਚ ਸਾਡੀ ਨਵੀਂ ਪੀੜ੍ਹੀ ਨੂੰ ਇਸ ਵਿਰਸੇ ਨਾਲ ਕਿਵੇਂ ਜੋੜ ਕੇ ਰੱਖੀਏ | ਡਾਇਰੈਕਟਰ ਯੁਵਕ ਭਲਾਈ ਪ੍ਰੋ. ਭੀਮਇੰਦਰ ਸਿੰਘ ਨੇ ਸਵਾਗਤ ਕਰਦਿਆਂ ਦੱਸਿਆ ਕਿ ਇਸ ਵਾਰ ਦਾ ਮੇਲਾ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਸਮਰਪਿਤ ਹੈ | ਮੇਲੇ ਦੀ ਸ਼ੁਰੂਆਤ ਸਮੂਹਿਕ ਸ਼ਬਦ, ਭਜਨ ਗਾਇਨ ਨਾਲ ਹੋ ਰਹੀ ਹੈ ਜਿਸ ਦਾ ਵਿਸ਼ਾ ਇਸੇ ਨਾਲ ਸੰਬੰਧਿਤ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਮੇਲੇ 'ਚ ਲੋਕ ਗੀਤ ਦੀ ਟਰਾਫ਼ੀ ਹਾਲ ਹੀ 'ਚ ਸਰੀਰਕ ਵਿਛੋੜਾ ਦੇ ਗਏ ਪੰਜਾਬੀ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀ ਮਰਹੂਮ ਰਾਜਵੀਰ ਜਵੰਧਾ ਨੂੰ ਸਮਰਪਿਤ ਕੀਤੀ ਗਈ ਹੈ | ਇਸੇ ਤਰ੍ਹਾਂ ਨਾਟਕ ਮੁਕਾਬਲਿਆਂ 'ਚੋਂ 'ਸਰਬੋਤਮ ਅਦਾਕਾਰ' ਦੀ ਟਰਾਫ਼ੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਮਰਹੂਮ ਓਮ ਪੁਰੀ ਨੂੰ ਸਮਰਪਿਤ ਕੀਤੀ ਗਈ ਹੈ | ਥੀਏਟਰ ਦੀ ਓਵਰ-ਆਲ ਟਰਾਫ਼ੀ ਉੱਘੇ ਰੰਗਕਰਮੀ ਤੇ ਯੁਵਕ ਭਲਾਈ ਵਿਭਾਗ ਦੇ ਮੋਢੀ ਨਿਰਦੇਸ਼ਕ ਸੁਰਜੀਤ ਸੇਠੀ ਨੂੰ ਸਮਰਪਿਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਗਿੱਧੇ ਦੀ 'ਬੈੱਸਟ ਡਾਂਸਰ' ਦੀ ਟਰਾਫ਼ੀ ਹਾਲ 'ਚ ਵਿੱਛੜੇ ਯੁਵਕ ਭਲਾਈ ਵਿਭਾਗ ਦੇ ਕਰਮਚਾਰੀ ਮਰਹੂਮ ਸ਼ਮਸ਼ੇਰ ਚਹਿਲ ਤੇ ਭੰਗੜੇ ਦੀ 'ਬੈੱਸਟ ਡਾਂਸਰ' ਟਰਾਫ਼ੀ ਮਰਹੂਮ ਤੇਜਿੰਦਰ ਚਹਿਲ ਨੂੰ ਸਮਰਪਿਤ ਕੀਤੀ ਗਈ ਹੈ | ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਮੁਕਾਬਲੇ ਕਰਵਾਏ | ਇਸ ਵਾਰ ਮੇਲੇ 'ਚ ਤਿੰਨ ਕਲਾ ਪ੍ਰਦਰਸ਼ਨੀਆਂ ਵੀ ਲੱਗੀਆਂ ਜੋ ਯੁਵਕ ਭਲਾਈ ਵਿਭਾਗ ਦੇ 'ਡਾ. ਦਲਜੀਤ ਸਿੰਘ ਹਾਲ' ਦੇ ਅੰਦਰ ਤੇ ਬਾਹਰ ਜਾਰੀ ਹਨ | ਉਪ-ਕੁਲਪਤੀ ਡਾ. ਜਗਦੀਪ ਸਿੰਘ ਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਵਲੋਂ ਇਨ੍ਹਾਂ ਪ੍ਰਦਰਸ਼ਨੀਆਂ ਦਾ ਵੀ ਉਦਘਾਟਨ ਕੀਤਾ | ਮੁੱਖ ਸਟੇਜ 'ਤੇ ਬਾਅਦ ਦੁਪਹਿਰ ਦੇ ਸੈਸ਼ਨ 'ਚ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਤੇ ਕੰਟਰੋਲਰ ਡਾ. ਮਨੀਸ਼ ਕਪੂਰ ਨੇ ਸ਼ਿਰਕਤ ਕੀਤੀ | ਯੁਵਕ ਭਲਾਈ ਵਿਭਾਗ ਦੇ ਕਰਮਚਾਰੀ ਡਾ. ਹਰਿੰਦਰ ਹੁੰਦਲ ਅਤੇ ਡਾ. ਡੈਨੀ ਸ਼ਰਮਾ ਨੇ ਦੱਸਿਆ ਕਿ ਚਾਰੋ ਦਿਨ ਯੂਨੀਵਰਸਿਟੀ ਕੈਂਪਸ ਦੇ ਪੰਜ ਵੱਖ-ਵੱਖ ਥਾਵਾਂ 'ਤੇ ਹੋਣ ਵਾਲ਼ੇ ਵੱਖ-ਵੱਖ ਕਲਾਤਮਿਕ ਵੰਨਗੀਆਂ ਦੇ ਮੁਕਾਬਲਿਆਂ ਦੇ ਨਤੀਜੇ ਇਸ ਵਾਰ ਆਖ਼ਰੀ ਦਿਨ ਐਲਾਨੇ ਜਾਣੇ ਹਨ |
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸਕੂਲ ਵਿਖੇ ਬਾਕਸਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਜ਼ਰੀਆ ਫਾਊਾਡੇਸ਼ਨ ਨੇ ਪੰਜਾਬੀ ਯੂਨੀਵਰਸਿਟੀ 'ਚ ਲਗਾਇਆ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।