ਪਟਿਆਲਾ, 20 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੇ ਜਰਨਲ ਹਾਊਸ 'ਚ ਲਿਆਂਦੇ ਮਤਿਆਂ 'ਚੋਂ ਦੋ ਨੂੰ ਛੱਡ ਬਾਕੀ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ | ਇਸ ਤੋਂ ਇਲਾਵਾ ਵਿਸ਼ਵਕਰਮਾ ਕਮਿਊਨਿਟੀ ਸੈਂਟਰ, ਨਿਗਮ 'ਚ ਬਣੇ ਨਵੇਂ ਆਡੀਟੋਰੀਅਮ ਦਾ ਨਾਂਅ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂਅ ਉੱਪਰ ਰਖਣ, ਕੌਂਸਲਰ ਦੀ ਤਨਖ਼ਾਹ 35 ਹਜ਼ਾਰ ਅਤੇ ਮੇਅਰ ਦੀ ਤਨਖ਼ਾਹ 75 ਹਜ਼ਾਰ ਰੁਪਏ ਕਰਨ, ਡੀ. ਐਲ. ਐਪ. ਕਾਲੋਨੀ ਨੂੰ ਟੀ. ਪੀ. ਸਕੀਮ ਅਧੀਨ ਲਿਆਉਣ ਦੇ ਮਤੇ ਵੀ ਲਿਆਂਦੇ ਗਏ | ਜਿਨ੍ਹਾਂ ਨੂੰ ਵੀ ਸਰਬਸੰਮਤੀ ਨਾਲ ਪਾਸ ਕਰਨ ਦੀ ਹਾਮੀ ਭਰਦਿਆਂ ਅਗਲੇਰੀ ਕਰਵਾਈ ਲਈ ਵਧਾ ਦਿੱਤਾ ਗਿਆ | ਦੱਸਣਯੋਗ ਹੈ ਕਿ ਵਿਧੀਵਤ ਤਰੀਕੇ ਨਾਲ ਲਿਆਂਦੇ ਗਏ ਮਤਿਆਂ 'ਚੋਂ ਪਹਿਲਾਂ ਮਤਾ ਹਾਕਮ ਧਿਰ ਅਤੇ ਵਿਰੋਧੀ ਧਿਰ ਵਲੋਂ ਇਕਠੇ ਹੀ ਰੱਦ ਕਰਨ ਦੀ ਮੰਗ ਕਰਦਿਆਂ ਵਿਰੋਧ ਕੀਤਾ, ਜਿਸ ਨੂੰ ਰੱਦ ਕਰਨ ਦਾ ਐਲਾਨ ਵੀ ਮੌਕੇ 'ਤੇ ਹੀ ਕਰ ਦਿੱਤਾ | ਇਸ ਮਤੇ ਦਾ ਵਿਰੋਧ ਕੌਂਸਲਰ ਜਸਬੀਰ ਸਿੰਘ ਗਾਂਧੀ ਵਲੋਂ ਲੋਕ ਹਿਤ ਦਾ ਵਾਸਤਾ ਪਾ ਕੇ ਰੱਦ ਕਰਨ ਦੀ ਮੰਗ ਕੀਤੀ | ਜਿਸ 'ਚ ਮਾਡਲ ਟਾਊਨ ਇਲਾਕੇ ਵਿਚ ਨਗਰ ਨਿਗਮ ਦੀਆਂ ਕਈ ਸ਼ਾਖਾਵਾਂ ਦੇ ਦਫ਼ਤਰ ਤਬਦੀਲ ਕਰਨਾ ਸੀ, ਜਿਸ ਨੂੰ ਆਲੇ-ਦੁਆਲੇ ਰਿਹਾਇਸ਼ੀ ਕਾਲੋਨੀਆਂ ਹੋਣ ਤੇ ਭਵਿੱਖ 'ਚ ਆਵਾਜਾਈ ਦੀ ਸਮੱਸਿਆ ਵਿਰਾਟ ਹੋਣ ਦੀ ਗੱਲ ਕਹੀ ਗਈ ਜਿਸ ਨੂੰ ਮੌਕੇ 'ਤੇ ਖ਼ਾਰਜ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ ਨੇ ਵੀ ਖਾਲੀ ਪਲਾਟਾਂ ਕਾਰਨ ਗੰਦਗੀ ਤੇ ਸ਼ਹਿਰ 'ਚ ਡੇਅਰੀਆਂ ਚਲਾ ਕੇ ਵੱਡੀ ਸਮੱਸਿਆ ਦਾ ਕਾਰਨ ਬਣਨ ਵਾਲਿਆ ਖ਼ਿਲਾਫ਼ ਕਾਰਵਾਈ ਅਮਲ 'ਚ ਲਿਆਉਣ ਦਾ ਵਾਅਦਾ ਕੀਤਾ, ਜਿਸ 'ਤੇ ਕੌਂਸਲਰਾਂ ਵਲੋਂ ਵੀ ਹਾਂ-ਪੱਖੀ ਹੁੰਗਾਰਾ ਭਰਿਆ ਗਿਆ | ਮੇਅਰ ਕੁੰਦਨ ਗੋਗੀਆ ਵਲੋਂ ਵੀ ਹਾਊਸ 'ਚ ਦੱਸਿਆ ਗਿਆ ਕਿ ਉਨ੍ਹਾਂ ਕੋਲ ਰਾਮਗੜ੍ਹੀਆ ਬਾਰਾਂਦਰੀ ਦਾ ਵਫ਼ਦ ਆਪਣੀ ਮੰਗ ਲੈ ਕੇ ਜਿਸ ਦਿਨ ਮਿਲਿਆ ਸੀ ਉਦੇ ਦਿਨ ਉਨ੍ਹਾਂ ਲਈ ਰਾਮਗੜ੍ਹੀਆ ਕਮਿਊਨਿਟੀ ਸੈਂਟਰ ਬਣਾਉਣ ਦਾ ਵਾਅਦਾ ਕਰ ਦਿੱਤਾ ਗਿਆ ਸੀ | ਜਿਸ ਨੂੰ ਅੱਜ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵਲੋਂ ਉਚੇਚੇ ਤੌਰ 'ਤੇ ਹਾਊਸ 'ਚ ਆ ਕੇ ਰੱਖਿਆ ਗਿਆ, ਜਿਸ ਦਾ ਧੰਨਵਾਦ ਕਰਦੇ ਹਨ | ਕਈ ਮਹਿਲਾਂ ਕੌਂਸਲਰਾਂ ਵਲੋਂ ਵੀ ਇੰਜੀਨੀਅਰਿੰਗ ਸ਼ਾਖਾ ਜਾਂ ਇਸ ਅਧੀਨ ਕੰਮ ਕਰਦੇ ਠੇਕੇਦਾਰਾਂ ਵਲੋਂ ਗੱਲ ਨਾ ਸੁਣੇ ਜਾਣ ਦੀ ਸ਼ਿਕਾਇਤ ਕੀਤੀ ਗਈ | ਜਿਸ ਦਾ ਮੇਅਰ ਕੁੰਦਨ ਗੋਗੀਆ ਨੇ ਸਖ਼ਤ ਨੋਟਿਸ ਲੈਂਦਿਆਂ ਅੱਗੋਂ ਜਨਤਕ ਨੁਮਾਇੰਦਿਆਂ ਦੀ ਗੱਲ ਨਾ ਸੁਣ ਵਾਲੇ ਅਧਿਕਾਰੀ ਖ਼ਿਲਾਫ਼ ਲਿਖਤੀ ਕਾਰਵਾਈ ਦਾ ਭਰੋਸਾ ਦਿੱਤਾ | ਇਸ ਮੌਕੇ ਜਗਤਾਰ ਸਿੰਘ ਤਾਰੀ, ਹਰਵਿੰਦਰ ਸ਼ੁਕਲਾ, ਜਤਿੰਦਰ ਕੌਰ, ਮਨਦੀਪ ਕੌਰ, ਦਵਿੰਦਰ ਕੌਰ, ਤਜਿੰਦਰ ਮਹਿਤਾ, ਰਣਜੀਤ ਸਿੰਘ, ਅਨੁਜ ਖੋਸਲਾ, ਕਿ੍ਸਨ ਚੰਦ ਬੁੱਧੂ, ਰਜੇਸ਼ ਕੁਮਾਰ, ਰਾਜੂ ਸਾਹਨੀ, ਜਗਮੋਹਨ ਸਿੰਘ ਤੇ ਹੋਰ ਹਾਜ਼ਰ ਸਨ |