ਦੇਵੀਗੜ੍ਹ, 19 ਨਵੰਬਰ (ਰਾਜਿੰਦਰ ਸਿੰਘ ਮੌਜੀ, ਧਨਵੰਤ ਸਿੰਘ )-ਸਨੌਰ ਹਲਕੇ 'ਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪਿੰਡਾਂ 'ਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ | ਇਸੇ ਤਹਿਤ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਪਿੰਡ ਮਹਿਮੂਦਪੁਰ 'ਚ 5 ਲੱਖ ਅਤੇ ਪਿੰਡ ਮਾੜੂ 'ਚ 39 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਖੇਡ ਗਰਾਊੁਾਡਾਂ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕੀਟ ਕਮੇਟੀ, ਪੰਚਾਇਤ ਸਕੱਤਰ ਸੁਖਪਾਲ ਸਿੰਘ, ਪੰਚਾਇਤ ਸਕੱਤਰ ਜਗਤਾਰ ਸਿੰਘ, ਦਵਿੰਦਰ ਸਿੰਘ ਮਾੜੂ ਬਲਾਕ ਪ੍ਰਧਾਨ, ਸੁਖਦੇਵ ਸਿੰਘ ਮਾ. ਬਲਾਕ ਪ੍ਰਧਾਨ, ਰਾਜਾ ਧੰਜੂ ਬਲਾਕ ਪ੍ਰਧਾਨ, ਗੁਰਮੀਤ ਸਿੰਘ ਅਸਰਪੁਰ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਘੁਮਾਣ ਬਲਾਕ ਪ੍ਰਧਾਨ, ਸਤਿੰਦਰ ਕੌਰ ਸਰਪੰਚ, ਦਿਪਾਂਸ਼ੂ ਬਲਾਕ ਪ੍ਰਧਾਨ, ਸੁਰਿੰਦਰ ਸਿੰਘ ਛਿੰਦਾ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਸਰਪੰਚ, ਭੂਸ਼ਣ ਕੁਮਾਰ ਰਿਸ਼ੀ ਕਾਲੋਨੀ, ਲਾਲੀ ਰਹਿਲ ਪੀ.ਏ., ਵਿਕਰਮਜੀਤ ਸਿੰਘ ਪੀ.ਏ., ਗੁਰਜੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਡਾਣਾ ਨੇ ਆਖਿਆ ਕਿ ਖੇਡ ਮੈਦਾਨਾਂ ਦੀ ਮਹੱਤਤਾ ਨੌਜਵਾਨਾਂ ਦੇ ਭਵਿੱਖ ਨਾਲ ਸਿੱਧੀ ਜੁੜੀ ਹੈ | ਉਨ੍ਹਾਂ ਕਿਹਾ ਕਿ ਖੇਡ ਮੈਦਾਨ ਸਿਹਤਮੰਦ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਹਰ ਪਿੰਡ ਵਿਚ ਇਹ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਅਹਿਮ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕੇ ਦੇ ਹਰ ਪਿੰਡ ਵਿਚ ਇਸ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲ ਸਕੇ | ਹਡਾਣਾ ਨੇ ਇਹ ਵੀ ਦੱਸਿਆ ਕਿ ਇਹ ਖੇਡ ਮੈਦਾਨ ਇਲਾਕੇ ਦੇ ਬੱਚਿਆਂ ਨੂੰ ਪੇਂਡੂ ਪੱਧਰ ਤੋਂ ਰਾਜ ਪੱਧਰ ਤੱਕ ਖੇਡਾਂ ਵਿਚ ਹਿੱਸਾ ਲੈਣ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖੇਡ ਢਾਂਚੇ ਦੇ ਵਿਕਾਸ 'ਚ ਮਿਲ ਰਹੀ ਲਗਾਤਾਰ ਸਹਾਇਤਾ ਹਲਕੇ ਨੂੰ ਖੇਡਾਂ ਦਾ ਮਜ਼ਬੂਤ ਕੇਂਦਰ ਬਣਾਉਣ 'ਚ ਮਦਦਗਾਰ ਸਾਬਤ ਹੋ ਰਹੀ ਹੈ | ਪਿੰਡ ਮਹਿਮੂਦਪੁਰ ਅਤੇ ਮਾੜੂ ਦੇ ਵਸਨੀਕਾਂ ਨੇ ਹਡਾਣਾ ਵਲੋਂ ਰੱਖੇ ਗਏ ਨੀਂਹ ਪੱਥਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨਾਲ ਪਿੰਡਾਂ ਵਿਚ ਸਕਾਰਾਤਮਿਕ ਵਾਤਾਵਰਨ ਬਣਦਾ ਹੈ ਅਤੇ ਬੱਚਿਆਂ ਨੂੰ ਖੇਡਾਂ ਵੱਲ ਰੁਝਾਨ ਮਿਲਦਾ ਹੈ | ਹਡਾਣਾ ਨੇ ਯਕੀਨ ਜਤਾਇਆ ਕਿ ਇਹ ਕੰਮ ਸਮੇਂ ਸਿਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕਰਕੇ ਹਲਕੇ ਦੀ ਪਹਿਚਾਣ ਹੋਰ ਮਜ਼ਬੂਤ ਕੀਤੀ ਜਾਵੇਗੀ |