ਪਟਿਆਲਾ, 18 ਨਵੰਬਰ (ਅ. ਸ. ਆਹਲੂਵਾਲੀਆ)-ਸੂਬਾ ਸਰਕਾਰ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵਲੋਂ ਕਿੱਲੋਮੀਟਰ ਸਕੀਮ ਤਹਿਤ ਲਿਆਂਦੀ ਜਾ ਰਹੀ ਨੀਤੀ ਖ਼ਿਲਾਫ਼ ਪੀ.ਆਰ.ਟੀ.ਸੀ., ਪਨਬਸ, ਪੰਜਾਬ ਰੋਡ ਵੇਅਜ ਵਿਚ ਕੰਮ ਕਰਦੇ ਮੁਲਾਜਮਾਂ ਵਲੋਂ ਚੱਕਾ ਜਾਮ ਕੀਤਾ ਗਿਆ | ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਜਥੇਬੰਦੀ ਦੇ ਨੁਮਾਇੰਦਿਆਂ ਤੇ ਸਰਕਾਰ ਵਿਚਕਾਰ ਇਸ ਮੌਕੇ 'ਤੇ ਬੈਠਕਾਂ ਵੀ ਹੋਈਆ, ਪਰ ਉਹ ਬੇਸਿੱਟਾ ਰਹੀਆਂ | ਕੁਝ ਦਿਨ ਪਹਿਲਾਂ ਵੀ ਸੰਕੇਤਕ ਚੱਕਾ ਜਾਮ ਕੀਤਾ ਗਿਆ ਸੀ, ਅੱਜ ਫੇਰ ਬੱਸ ਅੱਡਿਆਂ ਉੱਪਰ ਯਾਤਰੀ ਪਰੇਸ਼ਾਨ ਬੈਠੇ ਅਤੇ ਖੜ੍ਹੀਆਂ ਬੱਸਾਂ ਦਿਖੀਆਂ | ਛੋਟੇ-ਛੋਟੇ ਬੱਚੇ, ਬਜ਼ੁਰਗ ਸਾਮਾਨ ਦੇ ਨਾਲ ਬੱਸ ਅੱਡਿਆਂ 'ਤੇ ਪਹੁੰਚੇ ਪਰੰਤੂ ਬੱਸਾਂ ਬੰਦ ਹੋਣ ਕਾਰਨ ਬੱਸ ਅੱਡੇ ਅੰਦਰ ਬਣੇ ਫੁੱਟ-ਪਾਥਾਂ ਉੱਪਰ ਹੀ ਬੈਠੇ ਦਿਖੇ ਕਿਉਂਕਿ ਲਗੇ ਬੈਂਚ ਆਦਿ ਦੀ ਗਿਣਤੀ ਥੋੜੀ ਸੀ | ਆਗੂਆਂ ਮੁਤਾਬਿਕ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਮੁਲਾਜ਼ਮ ਵਿਰੋਧੀ ਹੋਈ ਪਈ ਹੈ | ਇਸ ਮੌਕੇ ਸੂਬਾ ਸਰਕਾਰ ਤੇ ਪੀ. ਆਰ. ਟੀ. ਸੀ. ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ |