ਪਟਿਆਲਾ/ਭੁਨਰਹੇੜੀ, 18 ਨਵੰਬਰ (ਮਨਦੀਪ ਸਿੰਘ ਖਰੌੜ, ਧਨਵੰਤ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਦੀ ਜਿੱਥੇ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉੱਥੇ ਹੀ ਪਟਿਆਲਾ ਜ਼ਿਲੇ੍ਹ ਵਿਚ ਪੈਂਦੇ ਕਸਬਾ ਭੁਨਰਹੇੜੀ ਵਿਚ ਇਕ ਤਸਕਰ ਨੂੰ ਫੜਨ ਗਈ ਪੁਲਿਸ ਪਾਰਟੀ ਉੱਤੇ ਸਥਾਨਕ ਲੋਕਾਂ ਵਲੋਂ ਹਮਲਾ ਕਰਨ ਦੀ ਮੰਦਭਾਗੀ ਘਟਨਾ ਵਾਪਰੀ | ਲੋਕਾਂ ਅਤੇ ਪੁਲਿਸ ਵਿਚਕਾਰ ਵਿਚ ਇਕ ਘੰਟਾ ਲੜਾਈ ਹੁੰਦੀ ਰਹੀ ਮੌਕੇ ਤੇ ਮੌਜੂਦ ਕੋਈ ਵੀ ਵਿਅਕਤੀ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ | ਪੁਲਿਸ ਪਾਰਟੀ ਆਪਣੀ ਦਲੇਰੀ ਕਾਰਨ ਹੀ ਇਸ ਹਮਲੇ ਤੋਂ ਬਚਣ ਵਿਚ ਕਾਮਯਾਬ ਹੋਈ | ਇਸ ਸੰਬੰਧੀ ਮੌਕੇ ਉੱਤੇ ਮੌਜੂਦ ਵਿਅਕਤੀਆਂ ਨੇ ਆਪਣੀ ਪਹਿਚਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਥਾਣਾ ਸਦਰ ਦੇ ਐਸ.ਐਚ.ਓ. ਪਿ੍ਤਪਾਲ ਸਿੰਘ, ਚੌਕੀ ਭੁਨਰਹੇੜੀ ਦੇ ਮੁਖੀ ਸ਼ਾਮ ਲਾਲ ਅਤੇ ਇਕ ਪੁਲਿਸ ਮੁਲਾਜ਼ਮ ਗੁਪਤ ਸੂਚਨਾ ਦੇ ਆਧਾਰ ਉੱਤੇ ਮੁਲਜ਼ਮ ਸੁਖਜੀਤ ਸਿੰਘ ਨੂੰ ਘਰ ਭੁਨਰਹੇੜੀ ਦੇਰ ਰਾਤ ਗਿ੍ਫ਼ਤਾਰ ਕਰਨ ਲਈ ਗਈ ਸੀ | ਜਦੋਂ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਘੇਰਾ ਪਾ ਕੇ ਫੜ ਲਿਆ ਇਸ ਮੌਕੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਅਤੇ ਭਾਈਚਾਰੇ ਨੇ ਬੱਚਿਆਂ ਸਮੇਤ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ | ਇਹ ਲੜਾਈ ਇਕ ਘੰਟੇ ਦੇ ਕਰੀਬ ਚੱਲੀ, ਪਰ ਮੌਕੇ 'ਤੇ ਮੌਜੂਦ ਕੋਈ ਵਿਅਕਤੀ ਝਗੜਾ ਛੁਡਾਉਣ ਲਈ ਅੱਗੇ ਨਹੀਂ ਆਇਆ ਤੇ ਤਮਾਸ਼ਬੀਨ ਬਣ ਕੇ ਦੇਖਦੇ ਰਹੇ | ਇਸ ਹਮਲੇ ਵਿਚ ਪੁਲਿਸ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ ਸੀ ਪੁਲਿਸ ਪਾਰਟੀ ਆਪਣੀ ਦਲੇਰੀ ਕਾਰਨ ਇਸ ਹਮਲੇ ਤੋਂ ਬਚਣ ਲਈ ਕਾਮਯਾਬ ਹੋ ਗਈ | ਇਸ ਸਿਲਸਿਲੇ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ | ਹਮਲੇ ਵਿਚ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਪਾਰਟੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋ ਗਈ | ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਵਲੋਂ ਥਾਣਾ ਸਦਰ ਵਿਚ 15 ਦੇ ਕਰੀਬ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਐਸ.ਪੀ. ਦਿਹਾਤੀ ਪੁਲਿਸ ਟੀਮਾਂ ਸਮੇਤ ਭੁਨਰਹੇੜੀ ਵਿਚ ਛਾਪੇਮਾਰੀ ਕਰਨ ਪਹੁੰਚੀ |