ਰਾਜਪੁਰਾ, 7 ਨਵੰਬਰ (ਜੀ.ਪੀ. ਸਿੰਘ)-ਪੰਜਾਬ ਸਰਕਾਰ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਵਿੱਦਿਆ ਖੇਤਰ ਵਿਚ ਵਧੀਆਂ ਸੇਵਾਵਾਂ ਦੇਣ ਦੇ ਵਾਅਦੇ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਬਣੀ ਸੀ, ਪਰ ਅੱਜ ਹਾਲਾਤ ਕੁਝ ਹੋਰ ਹੀ ਹਨ ਕਿਉਂਕਿ ਪੰਜਾਬ ਸਰਕਾਰ ਹੁਣ ਰਾਜਪੁਰਾ ਦੇ ਏ. ਪੀ. ਜੈਨ ਸਿਵਲ ਹਸਪਤਾਲ, ਫ਼ਿਰੋਜ਼ਪੁਰ, ਮੂਨਕ ਤੇ ਮੋਗਾ ਦੇ ਸਿਵਲ ਹਸਪਤਾਲ ਨਿੱਜੀ ਹੱਥਾਂ 'ਚ ਦੇਣ ਜਾ ਰਹੀ ਹੈ | ਇਹ ਪ੍ਰਗਟਾਵਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਨੇ ਇਕ ਪੈੱ੍ਰਸ ਮਿਲਣੀ ਸਮੇਂ ਇਕ ਅਖ਼ਬਾਰ ਦੀ ਖ਼ਬਰ ਦੇ ਹਵਾਲੇ ਨਾਲ ਕੀਤਾ | ਉਨ੍ਹਾਂ ਕਿਹਾ ਕਿ ਕਰੀਬ 8 ਸਾਲ ਪਹਿਲਾਂ ਸਥਾਨਕ ਸਿਵਲ ਹਸਪਤਾਲ 'ਚ ਬਦਤਰ ਹਾਲਾਤ ਸਨ ਤੇ ਸਿਹਤ ਸਹੂਲਤਾਂ ਨਾਂਹ ਦੇ ਬਰਾਬਰ ਸਨ ਤੇ ਹਰ ਮਰੀਜ਼ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਰੈਫ਼ਰ ਕਰ ਦਿੱਤਾ ਜਾਂਦਾ ਸੀ | ਉਨ੍ਹਾਂ ਹਸਪਤਾਲ 'ਚ ਨਵੀਨੀਕਰਨ ਕਰਵਾਇਆ ਤੇ ਹਸਪਤਾਲ ਦੀ ਪਾਰਕਿੰਗ ਬਣਵਾਈ, ਹਸਪਤਾਲ 'ਚ ਜੱਚਾ-ਬੱਚਾਂ ਕੇਂਦਰ ਨਹੀਂ ਸੀ ਤੇ ਉਨ੍ਹਾਂ ਸਰਕਾਰ ਤੋਂ 4 ਕਰੋੜ ਦੀ ਰਾਸ਼ੀ ਲਿਆ ਦੇ ਵੱਡਾ ਜੱਚਾ-ਬੱਚਾ ਕੇਂਦਰ ਬਣਵਾਇਆ | 3 ਡਾਇਲੈਸਿਸ ਦੀਆਂ ਮਸ਼ੀਨਾਂ ਲਗਵਾਈਆਂ, ਵੱਡਾ ਆਰ. ਓ. ਸਿਸਟਮ ਲਗਵਾਇਆ, ਡਿਜੀਟਲ ਐਕਸ-ਰੇ ਦੀ ਸਹੂਲਤ ਸ਼ੁਰੂ ਕਰਵਾਈ, ਸਿਟੀ ਸਕੈਨ ਦੀ ਮਸ਼ੀਨ ਮੰਗਵਾ ਕੇ ਦਿੱਤੀ | ਕਰੋਨਾਂ ਕਾਲ 'ਚ ਨਿੱਜੀ ਹਸਪਤਾਲਾਂ ਵਰਗੇ ਕਰੋਨਾ ਵਾਰਡ 'ਚ ਬੈੱਡ ਲਗਵਾਏ | ਉਸੇ ਕਾਲ 'ਚ ਮਰੀਜ਼ਾਂ ਲਈ ਆਕਸੀਜਨ ਪਲਾਂਟ ਲਗਵਾਇਆ, ਜਿਸ ਕਾਰਨ ਭਾਰਤ ਦੀ ਸਰਕਾਰ ਨੇ ਕਾਇਆ-ਕਲਪ ਸਕੀਮ ਤਹਿਤ ਇਕ ਸਰਵੇ ਕਰਵਾ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਨੂੰ ਦੇਸ਼ 'ਚ ਪਹਿਲਾ ਪੁਰਸਕਾਰ ਮਿਲਿਆ ਤੇ ਲਗਾਤਾਰ 3 ਸਾਲ ਹਸਪਤਾਲ ਦੇ ਵਿਕਾਸ ਲਈ 10-10 ਲੱਖ ਰੁਪਏ ਦਾ ਨਕਦ ਰਾਸ਼ੀ ਮਿਲੀ, ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਹਸਪਤਾਲ ਦੇ ਬੈੱਡਾਂ ਤੇ ਕੁੱਤੇ ਚੜ੍ਹ ਕੇ ਸੁੱਤੇ ਰਹਿੰਦੇ ਹਨ ਤੇ ਹਸਪਤਾਲ ਦੀ ਖ਼ਬਰ-ਸਾਰ ਲੈਣ ਵਾਲਾ ਕੋਈ ਨਹੀਂ ਹੈ | ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਸਮੇਤ ਫ਼ਿਰੋਜ਼ਪੁਰ, ਮੋਗਾ, ਮੂਨਕ ਦੇ ਲੋਕ ਅਜਿਹਾ ਕਦੀ ਨਹੀਂ ਹੋਣ ਦੇਣਗੇ ਭਾਵੇਂ ਉਨ੍ਹਾਂ ਨੂੰ ਵੱਡੇ ਤੋਂ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ | ਇਸ ਮੌਕੇ ਬਲਦੇਵ ਸਿੰਘ ਗੱਦੋਮਾਜਰਾ, ਮਨਕੀਤ ਸਿੰਘ ਉਪੱਲਹੇੜੀ, ਗੁਰਪ੍ਰੀਤ ਸਿੰਘ ਜੰਡੋਲੀ, ਰਣਬੀਰ ਸਿੰਘ ਭੰਗੂ ਸਮੇਤ ਹੋਰ ਮੌਜੂਦ ਸਨ |