ਰਾਜਪੁਰਾ, 7 ਨਵੰਬਰ (ਰਣਜੀਤ ਸਿੰਘ)-ਨੇੜਲੇ ਪਿੰਡ ਸੁਹਰੋ ਵਿਖੇ ਤਿੰਨ ਬਾਈਕ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਵਿਅਕਤੀ ਨੂੰ ਦਾਤ ਮਾਰ ਕੇ ਜ਼ਖਮੀ ਕਰ ਗਏ ਹਨ | ਪੀੜਤ ਵਿਅਕਤੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਇਸ ਸੰਬੰਧੀ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਜੈ ਪਾਲ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਘਨੌਰ ਵਿਖੇ ਜਲ ਸਪਲਾਈ ਵਿਭਾਗ 'ਚ ਨੌਕਰੀ ਕਰਦਾ ਹੈ | ਉਹ ਸ਼ਾਮ ਸਮੇਂ ਆਪਣੀ ਨੌਕਰੀ ਤੋਂ ਛੁੱਟੀ ਕਰਕੇ ਵਾਪਸ ਆ ਰਿਹਾ ਸੀ ਜਦੋਂ ਉਹ ਪਿੰਡ ਸੁਹਰੋ ਦੇ ਨੇੜੇ ਪੁੱਜਾ ਤਾਂ ਉਸ ਨੂੰ ਤਿਨ ਮੋਟਰ ਸਾਈਕਲ ਸਵਾਰਾਂ ਨੇ ਹੇਠਾਂ ਸੁੱਟ ਲਿਆ ਅਤੇ ਉਸ 'ਤੇ ਦਾਤ ਨਾਲ ਵਾਰ ਕੀਤੇ | ਜੈ ਪਾਲ ਨੇ ਰੌਲਾ ਪਾ ਦਿੱਤਾ | ਬਾਈਕ ਸਵਾਰ ਲੁਟੇਰੇ ਜੈ ਪਾਲ ਦਾ ਮੋਬਾਈਲ ਖੋਹ ਕੇ ਲੈ ਗਏ | ਜੈ ਪਾਲ ਦੇ ਦੱਸਣ ਮੁਤਾਬਿਕ ਉਸ ਨੇ ਲੁਟੇਰਿਆਂ ਦਾ ਮੁਕਾਬਲਾ ਵੀ ਕੀਤਾ ਪਰ ਲੁਟੇਰਿਆਂ ਕੋਲ ਦਾਤ ਵਗ਼ੈਰਾ ਸਨ ਜਿਸ ਕਾਰਨ ਉਨ੍ਹਾਂ ਨੇ ਜੈ ਪਾਲ ਦੇ ਸੱਟਾਂ ਮਾਰੀਆਂ | ਇਸ ਕਾਰਵਾਈ ਦੌਰਾਨ ਜੈ ਪਾਲ ਦੀ ਬਾਂਹ ਤੇ ਹੋਰਨਾਂ 'ਤੇ ਸੱਟਾਂ ਲੱਗੀਆਂ ਹਨ | ਜੈ ਪਾਲ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਭਾਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਹੈ | ਜੈ ਪਾਲ ਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ |