ਪਟਿਆਲਾ, 7 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਖੰਢਾ ਚੌਂਕ ਤੋਂ ਲੀਲਾ ਭਵਨ ਚੌਂਕ (ਰਜਵਾਹਾ ਰੋਡ) ਤੱਕ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਕਾਰਜ 3.35 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ਦੇ ਆਵਾਜਾਈ ਪ੍ਰਣਾਲੀ ਨੂੰ ਸੁਧਾਰ ਮਿਲੇਗਾ ਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ | ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦਾ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ | ਸ਼ਹਿਰ ਦੇ ਹਰ ਇਲਾਕੇ ਵਿਚ ਸੜਕਾਂ, ਨਿਕਾਸੀ ਪ੍ਰਣਾਲੀ, ਲਾਈਟਿੰਗ ਅਤੇ ਹੋਰ ਸੁਵਿਧਾਵਾਂ ਨੂੰ ਆਧੁਨਿਕ ਰੂਪ ਵਿਚ ਵਿਕਸਤ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਰਜਬਾਹਾ ਰੋਡ ਤੋਂ ਲੈ ਕੇ ਲੀਲਾ ਭਵਨ ਚੌਂਕ ਤੱਕ ਦਾ ਇਹ ਖੇਤਰ ਸਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ 'ਚੋਂ ਇਕ ਹੈ, ਜਿਸ ਕਾਰਨ ਇੱਥੇ ਦੀ ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਲਈ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਵਿਕਾਸ ਕਾਰਜ ਸਿਰਫ ਸੜਕਾਂ ਤੱਕ ਸੀਮਤ ਨਹੀਂ ਹੋਣਗੇ, ਸਟਰੀਟ ਲਾਈਟਾਂ, ਜਲ ਨਿਕਾਸੀ ਪ੍ਰਣਾਲੀ ਤੇ ਪੈਦਲ ਯਾਤਰੀਆਂ ਲਈ ਸੁਵਿਧਾਜਨਕ ਰਾਹਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ | ਵਿਧਾਇਕ ਨੇ ਕਿਹਾ ਕਿ ਇਹ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਨਾਗਰਿਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਹਰ ਵਾਰਡ ਵਿਚ ਜ਼ਰੂਰਤ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਪਟਿਆਲਾ ਨੂੰ ਇੱਕ ਮਾਡਲ ਸਹਿਰ ਬਣਾਇਆ ਜਾ ਸਕੇ | ਇਸ ਮੌਕੇ ਐੱਸ.ਡੀ.ਐੱਮ. ਹਰਜੋਤ ਕੌਰ, ਐੱਮ.ਸੀ. ਹਰਮਨ ਸੰਧੂ, ਐੱਮ.ਸੀ. ਨੇਹਾ ਸਿੱਧੂ, ਬਲਾਕ ਪ੍ਰੈਜ਼ੀਡੈਂਟ ਜਗਤਾਰ ਜੱਗੀ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ |