14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬੀ ਯੂਨੀਵਰਸਿਟੀ ਵਿਖੇ ਸੈਂਟਰ ਫ਼ਾਰ ਇਮਰਜਿੰਗ ਐਂਡ ਇੰਨੋਵੇਟਿਵ ਟੈਕਨਾਲੋਜੀ ਮੋਹਾਲੀ ਨੇ ਸਿਲਵਰ ਜੁਬਲੀ ਮਨਾਈ

ਪੰਜਾਬੀ ਯੂਨੀਵਰਸਿਟੀ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਤਾਰ ਸਿੰਘ ਸੰਧਵਾਂ ਨੂੰ ਸਨਮਾਨਿਤ ਕਰਦੇ ਹੋਏ ਉਪ-ਕੁਲਪਤੀ ਡਾ. ਜਗਦੀਪ ਸਿੰਘ, ਨਾਲ ਡਾ. ਜਸਵਿੰਦਰ ਸਿੰਘ ਬਰਾੜ ਆਦਿ | ਅਜੀਤ ਤਸਵੀਰ <br/> 04-11-2025
ਪਟਿਆਲਾ, 3 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਇਮਰਜਿੰਗ ਐਂਡ ਇੰਨੋਵੇਟਿਵ ਟੈਕਨੌਲੋਜੀ, ਮੋਹਾਲੀ ਵਲੋਂ ਆਪਣੇ 25 ਸਾਲ ਪੂਰੇ ਹੋਣ 'ਤੇ ਸਿਲਵਰ ਜ਼ੁਬਲੀ ਸਮਾਗਮ ਕਰਵਾਇਆ ਗਿਆ | ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਸਥਿਤ ਮੁੱਖ ਕੈਂਪਸ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਇਸ ਸੈਂਟਰ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਖੇਤਰ ਵਿਚ ਪੰਜਾਬ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਤਕਨਾਲੋਜੀ ਨਾਲ ਸੰਬੰਧਿਤ ਅਜਿਹੇ ਕੇਂਦਰਾਂ ਦੀ ਸਫਲਤਾ ਪੰਜਾਬ ਦੇ ਭਵਿੱਖ ਨਾਲ ਜੁੜੀ ਹੋਈ ਹੈ | ਅਜਿਹੇ ਅਦਾਰਿਆਂ ਦੀ ਕਾਰਗੁਜ਼ਾਰੀ ਜਿੰਨੀ ਬਿਹਤਰ ਹੋਵੇਗੀ, ਪੰਜਾਬ ਦਾ ਭਵਿੱਖ ਓਨਾ ਹੀ ਸੁਨਹਿਰੀ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗਿਆਨ ਪੈਦਾ ਕਰਨ ਵਾਲੀ ਧਰਤੀ ਹੈ | ਇਸ ਧਰਤੀ ਦੇ ਇਤਿਹਾਸ ਤੋਂ ਸਬਕ ਲੈਂਦਿਆਂ ਸਾਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਵੱਡੀਆਂ ਮੱਲ੍ਹਾਂ ਮਾਰਨੀਆਂ ਚਾਹੀਦੀਆਂ ਹਨ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸੈਂਟਰ ਦੇ 25 ਸਾਲ ਪੂਰੇ ਹੋਣ ਉਪਰੰਤ ਹੁਣ ਇਸ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ | 25 ਸਾਲਾਂ ਬਾਅਦ ਇਸ ਸੈਂਟਰ ਨੂੰ ਹੁਣ ਅਗਲੇ ਪੜਾਅ ਵਿਚ ਦਾਖਲ ਹੋਣਾ ਪਵੇਗਾ, ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੇ ਖੇਤਰਾਂ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਦੇ ਮੌਕੇ ਪੈਦਾ ਹੋ ਸਕਣ | ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਦੇ ਹਾਣੀ ਬਣ ਕੇ ਗਿਆਨ ਦੇ ਨਵੇਂ ਖੇਤਰਾਂ ਵਿਚ ਆਪਣੇ ਨਵੇਂ ਮੌਕੇ ਲੱਭਣੇ ਪੈਣਗੇ, ਜੇ ਅਸੀਂ ਸਮੇਂ ਦੇ ਹਾਣੀ ਹੋ ਕੇ ਨਹੀਂ ਤੁਰਾਂਗੇ ਤਾਂ ਮੁਕਾਬਲੇ ਵਿਚ ਪਛੜ ਕੇ ਰਹਿ ਜਾਵਾਂਗੇ | ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਸਵਾਗਤੀ ਭਾਸ਼ਣ ਦੌਰਾਨ ਇਸ ਕੇਂਦਰ ਦੀ ਅਹਿਮੀਅਤ ਦੇ ਹਵਾਲੇ ਨਾਲ ਗੱਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਮੁੱਖ ਕੈਂਪਸ ਦੇ ਨਾਲ-ਨਾਲ ਅਜਿਹੇ ਸਭ ਕੇਂਦਰਾਂ ਰਾਹੀਂ ਹੀ ਸਿੱਖਿਆ ਦੇ ਪ੍ਰਸਾਰ ਦਾ ਨੇਕ ਕਾਰਜ ਕਰ ਰਹੀ ਹੈ | ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਵੀ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ | ਇਸ ਸੈਂਟਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਅਮਨਦੀਪ ਵਰਮਾ ਵਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ ਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਸ਼ਿਵਿੰਦਰ ਫੂਲਕਾ ਨੇ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕਲਾਤਮਿਕ ਵੰਨਗੀਆਂ ਪੇਸ਼ ਕੀਤੀਆਂ ਗਈਆਂ |
ਪਿਛਲੀ ਖ਼ਬਰ ਪਟਿਆਲਾ ਜੇਲ੍ਹ 'ਚ ਨਹੀਂ ਰੁਕ ਰਹੀ ਮੋਬਾਈਲਾਂ ਤੇ ਨਸ਼ੀਲੇ ਪਦਾਰਥਾਂ ਦੀ ਆਮਦ ਅਗਲੀ ਖ਼ਬਰ ਅੱਜ ਭਗਵਾਨ ਵਾਲਮੀਕਿ ਮੇਲੇ 'ਤੇ ਵਿਸ਼ੇਸ਼ ਭਾਰਤ ਦਾ ਪ੍ਰਾਚੀਨ ਤੇ ਵਿਰਾਸਤੀ ਸਥਾਨ -ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ)...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।