19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਰਸਾਤੀ ਨਾਲਿਆਂ ਅਤੇ ਘੱਗਰ ਦੀ ਸਫ਼ਾਈ ਨਾ ਹੋਣ ਕਾਰਨ ਨਾਲ ਲਗਦੇ ਪਿੰਡਾਂ ਦੇ ਲੋਕ ਹੜ੍ਹਾਂ ਦੀ ਮਾਰ ਝੱਲਣ ਲਈ ਮਜਬੂਰ

ਕਿਸਾਨ ਆਗੂ ਨਰਿੰਦਰ ਸਿੰਘ ਲੇਹਲਾਂ <br/> ਟਾਂਗਰੀ ਨਦੀ ਅਤੇ ਅਦਾਲਤੀਵਾਲਾ ਡਰੇਨ ਦੀਆਂ ਤਸਵੀਰਾਂ | ਤਸਵੀਰਾਂ : ਮੌਜੀ ਦੇਵੀਗੜ੍ਹ <br/> 21-07-2025
ਰਾਜਿੰਦਰ ਸਿੰਘ ਮੌਜੀ
ਦੇਵੀਗੜ੍ਹ, 20 ਜੁਲਾਈ-ਘੱਗਰ ਦਰਿਆ, ਟਾਂਗਰੀ ਨਦੀ, ਮੀਰਾਂਪੁਰ ਚੋਅ ਅਤੇ ਅਦਾਲਤੀਵਾਲਾ ਡਰੇਨ ਦੀ ਮਾਰ ਹੇਠ ਆਉਂਦੇ ਦੇਵੀਗੜ੍ਹ ਇਲਾਕੇ ਦੇ ਲੋਕਾਂ ਦੀ ਕਦੇ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਜਿਸ ਕਰਕੇ ਟਾਂਗਰੀ ਨਦੀ, ਘੱਗਰ ਦਰਿਆ, ਮੀਰਾਂਪੁਰ ਚੋਅ ਅਤੇ ਅਦਾਲਤੀਵਾਲਾ ਡਰੇਨ ਦੀ ਮਾਰ ਦੇਵੀਗੜ੍ਹ ਇਲਾਕੇ ਦੇ ਲੋਕ ਝੱਲ ਰਹੇ ਨੇ | ਇਨ੍ਹਾਂ ਦਰਿਆਵਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੀ ਬਰਬਾਦੀ ਹੋ ਜਾਂਦੀ ਹੈ | ਸੰਨ 2023 ਵਿਚ ਆਏ ਹੜ੍ਹਾਂ ਕਰਕੇ ਦੇਵੀਗੜ੍ਹ ਆਸ-ਪਾਸ ਦੇ ਖੇਤਰਾਂ ਵਿਚ ਹੜ੍ਹ ਨੇ ਵੱਡੀ ਤਬਾਹੀ ਮਚਾਈ ਸੀ | ਲੋਕਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਉੱਥੇ ਹੀ ਕਈ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਸਨ | ਇਸ ਵਾਰ ਫਿਰ ਜਿਵੇਂ ਮਾਨਸੂਨ ਨੇ ਪਹਿਲਾਂ ਦਸਤਕ ਦਿੱਤੀ ਅਤੇ ਬਾਰਸ਼ ਪੈਣ ਲੱਗ ਪਈ ਤਾਂ ਲੋਕਾਂ ਨੂੰ ਪਿਛਲੇ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਕਿਉਂਕਿ ਇਸ ਵਾਰ ਫਿਰ ਸਰਕਾਰ ਵਲੋਂ ਨਾ ਤਾਂ ਟਾਂਗਰੀ ਨਦੀ ਦੀ ਖੁਦਾਈ ਕੀਤੀ ਗਈ ਅਤੇ ਨਾ ਹੀ ਮੀਰਾਂਪੁਰ ਚੋਅ ਅਤੇ ਅਦਾਲਤੀਵਾਲਾ ਡਰੇਨ ਦੀ ਸਗੋਂ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ ਨੂੰ ਲਗਾ ਕੇ ਮੀਰਾਂਪੁਰ ਚੋਅ ਅਤੇ ਅਦਾਲਤੀਵਾਲਾ ਡਰੇਨ ਦੀ ਸਫ਼ਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ | ਹਾਲਾਂਕਿ ਪ੍ਰਸ਼ਾਸਨ ਵਲੋਂ ਹੜ੍ਹਾਂ ਤੋਂ ਬਚਾਅ ਲਈ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਹਨ ਲੇਕਿਨ ਹੋਇਆ ਕੁਝ ਵੀ ਨਹੀਂ | ਹੜ੍ਹਾਂ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਸ ਸਮੇਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਟਾਂਗਰੀ ਨਦੀ ਦੀ ਸਫ਼ਾਈ ਤੇ ਖੁਦਾਈ ਕੀਤੀ ਜਾਵੇਗੀ ਪਰ ਜੌੜਾਮਾਜਰਾ ਨੂੰ ਮੰਤਰੀ ਪਦ ਤੋਂ ਹਟਾਉਣ ਕਰਕੇ ਟਾਂਗਰੀ ਨਦੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਿਆ ਅਤੇ ਉਸ ਹੜ੍ਹ ਨਾਲ ਟੁੱਟੀਆਂ ਸੜਕਾਂ ਦੀ ਸਮੱਸਿਆ ਅੱਜ ਵੀ ਉਸੇ ਤਰ੍ਹਾਂ ਹੀ ਹੈ | ਇਸ ਵਾਰ ਵੀ ਜਦੋਂ ਮਾਨਸੂਨ ਪੰਜਾਬ ਪਹੁੰਚ ਗਈ ਉਦੋਂ ਮੀਰਾਂਪੁਰ ਚੋਅ ਅਤੇ ਹੋਰ ਡਰੇਨਾਂ ਦੀ ਸਫ਼ਾਈ ਆਰੰਭ ਕਰਵਾ ਦਿੱਤੀ ਗਈ | ਜਿਸ ਕਰਕੇ ਪਿੰਡਾਂ ਦੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਕਿਸੇ ਵੀ ਸਰਕਾਰ ਵਲੋਂ ਇਸ ਇਲਾਕੇ ਦੇ ਵਿਕਾਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ |
ਇਸ ਸੰਬੰਧੀ ਜਦੋਂ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਦਾਲਤੀਵਾਲਾ ਡਰੇਨ ਲਈ 66 ਫੁੱਟ ਜ਼ਮੀਨ ਐਕਵਾਇਰ ਕੀਤੀ ਹੋਈ ਹੈ ਤੇ ਇਸ ਡਰੇਨ ਦੇ ਪਾਣੀ ਨੂੰ ਦੁੱਧਨ ਗੁਜਰਾਂ ਵਿਖੇ ਪਿੰਡ ਦੇ ਛੱਪੜ ਵਿਚ ਛੱਡਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਛੱਪੜ ਤੋਂ ਟਾਂਗਰੀ ਨਦੀ ਤੱਕ ਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਘਾਹ ਬੂਟੀ ਦੀ ਸਫ਼ਾਈ ਕੀਤੀ ਗਈ ਹੈ | ਜਦੋਂ ਕਿ ਇਸ ਦੀ ਸਫ਼ਾਈ ਤੇ ਖੁਦਾਈ ਮਸ਼ੀਨਾਂ ਨਾਲ ਹੋਣੀ ਚਾਹੀਦੀ ਸੀ | ਉਨ੍ਹਾਂ ਦੱਸਿਆ ਕਿ ਇਥੋਂ ਪਾਣੀ ਸਹੀ ਢੰਗ ਨਾਲ ਨਦੀ ਵਿਚ ਨਾ ਡਿੱਗਣ ਕਰਕੇ ਪਾਣੀ ਖੇਤਾਂ ਵਿਚ ਭਰ ਜਾਂਦਾ ਹੈ ਜਿਸ ਨਾਲ ਫ਼ਸਲਾਂ ਨੁਕਸਾਨੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਟਾਂਗਰੀ ਨਦੀ ਦੀ ਖੁਦਾਈ ਲਈ ਕਿਸਾਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ | ਕਿਸਾਨ ਜਿੱਥੇ ਆਪਣੇ ਤੌਰ 'ਤੇ ਟਾਂਗਰੀ ਨਦੀ ਦੀ ਖੁਦਾਈ ਕਰਨਗੇ ਉੱਥੇ ਹੀ ਨਦੀ ਦੇ ਬੰਨ੍ਹਾਂ ਦੀ ਮੁਰੰਮਤ ਵੀ ਕਰਨਗੇ | ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੋਂ ਟਾਂਗਰੀ ਨਦੀ ਦੇ ਬੰਨ੍ਹਾਂ ਵਿਚ ਪਾੜ ਪਿਆ ਸੀ ਉਨ੍ਹਾਂ ਬੰਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਗਈ, ਜਿਸ ਕਰਕੇ ਲੋਕਾਂ ਦੇ ਦਿਲਾਂ ਵਿਚ ਡਰ ਬਣਿਆ ਹੋਇਆ ਹੈ |
ਪਿਛਲੀ ਖ਼ਬਰ ਕਈ ਸਾਲਾਂ ਤੋਂ ਸਟਰੀਟ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਪਾਰਕਲਿੰਗ ਸਕੂਲ 'ਚ ਅਕਾਦਮਿਕ ਸੈਸ਼ਨ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।