ਦੇਵੀਗੜ੍ਹ, 20 ਜੁਲਾਈ (ਰਾਜਿੰਦਰ ਸਿੰਘ ਮੌਜੀ)-ਨੇੜਲੇ ਪਿੰਡ ਜੈ ਨਗਰ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਲੰਮੇ ਸਮੇਂ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀ ਗੰਦਾ ਅਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ |ਜਿਸ ਕਾਰਨ ਡਾਇਰੀਆ ਅਤੇ ਹੋਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਪਿੰਡ ਵਾਸੀਆਂ ਦੇ ਸਿਰ 'ਤੇ ਮੰਡਰਾ ਰਿਹਾ ਹੈ | ਪਿੰਡ ਦੇ ਵਸਨੀਕ ਰਾਕੇਸ਼ ਕੁਮਾਰ, ਅਜੈ ਕੁਮਾਰ, ਮੁਨਸ਼ੀ ਰਾਮ, ਅਸ਼ੋਕ ਕੁਮਾਰ ਅਤੇ ਵਿੱਕੀ ਨੇ ਦੱਸਿਆ ਕਿ ਪਹਿਲਾਂ ਜਦੋਂ ਟੈਂਕੀ ਦਾ ਪਾਣੀ ਛੱਡਿਆ ਗਿਆ ਸੀ ਉਸ ਸਮੇਂ ਗੰਦਾ ਪਾਣੀ ਆਉਣ ਕਰਕੇ ਕਈ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਗਏ ਸਨ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਗੰਦਾ ਅਤੇ ਬਦਬੂਦਾਰ ਪਾਣੀ ਆਉਣ ਕਰਕੇ ਉਨ੍ਹਾਂ ਨੂੰ ਰੈਬਰ ਵਾਲੇ ਪਾਣੀ ਨਾਲ ਗੁਜ਼ਾਰਾ ਕਰਨਾ ਪੈ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਵੱਛ ਪਾਣੀ ਮੁਹੱਈਆ ਕਰਵਾਉਣ ਦੇ ਦਾਅਵਿਆਂ ਦੇ ਬਾਵਜੂਦ ਸਾਨੂੰ ਮਜਬੂਰਨ ਇਹ ਗੰਦਾ ਪਾਣੀ ਪੀਣਾ ਪੈ ਰਿਹਾ ਹੈ | ਸਾਡੇ ਬੱਚੇ ਬਿਮਾਰ ਹੋ ਰਹੇ ਹਨ ਅਤੇ ਡਰ ਹੈ ਕਿ ਕਿਤੇ ਕੋਈ ਵੱਡੀ ਮਹਾਂਮਾਰੀ ਨਾ ਫੈਲ ਜਾਵੇ | ਉਨ੍ਹਾਂ ਦੱਸਿਆ ਕਿ ਪਹਿਲੀ ਟੈਂਕੀ ਦਾ ਬੋਰ ਖ਼ਰਾਬ ਹੋਣ ਕਰਕੇ ਦੂਜੀ ਜਗ੍ਹਾ 'ਤੇ ਬੋਰ ਕਰਵਾਇਆ ਗਿਆ ਜੋ ਕਿ ਅਜੇ ਚਾਲੂ ਨਹੀਂ ਹੋਇਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਸਾਫ਼ ਤੇ ਸਵੱਛ ਪਾਣੀ ਮੁਹੱਈਆ ਕਰਵਾਇਆ ਜਾਵੇ | ਇਸ ਮੌਕੇ ਜਦੋਂ ਪਿੰਡ ਰੁੜਕੀ ਬੁੱਧ ਸਿੰਘ ਵਾਲਾ ਦੇ ਵਸਨੀਕ ਅਤੇ ਮੌਜੂਦਾ ਐਮ.ਸੀ. ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਘਰੇਲੂ ਮੋਟਰ ਤੋਂ ਪਿੰਡ ਰੁੜਕੀ ਅਤੇ ਪਿੰਡ ਜੈ ਨਗਰ ਦੇ ਲੋਕਾਂ ਨੂੰ ਮੁਫ਼ਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਾਈਪਲਾਈਨ ਪੁਰਾਣੀ ਹੋਣ ਕਰਕੇ ਹੋ ਸਕਦਾ ਕਿ ਕਿਸੇ ਜਗ੍ਹਾ ਤੋਂ ਪਾਣੀ ਕਿਸੇ ਪਾਈਪ ਰਾਹੀਂ ਉਨ੍ਹਾਂ ਦੇ ਮੁਹੱਲੇ ਵਿਚ ਚਲਾ ਗਿਆ ਹੋਵੇ | ਉਨ੍ਹਾਂ ਦੱਸਿਆ ਕਿ ਪਾਣੀ ਦੇ ਨਵੇਂ ਬੋਰ ਦਾ ਕੰਮ ਚੱਲ ਰਿਹਾ ਅੱਜ ਸ਼ਾਮ ਤੱਕ ਦੋਵੇਂ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਕੌੜਾ ਰਾਮ, ਕੁਲਵੰਤ, ਅਮਿਤ ਅਤੇ ਬਾਬੂ ਹਾਜ਼ਰ ਸਨ |