ਪਾਤੜਾਂ, 19 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ 'ਤੇ ਦੀਵਾਨ ਸਜਾਏ ਗਏ ਅਤੇ ਇਨ੍ਹਾਂ ਦੀਵਾਨਾਂ ਵਿਚ ਬਾਬਾ ਗੁਰਜੰਟ ਸਿੰਘ ਮੰਡਵੀ ਵਾਲਿਆਂ ਦੇ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ | ਉੱਥੇ ਗੁਰਦੁਆਰਾ ਸਾਹਿਬ ਪਾਤੜਾਂ ਦੇ ਜਥਿਆਂ ਵਲੋਂ ਵੀ ਕੀਰਤਨ ਅਤੇ ਪ੍ਰਚਾਰਕਾਂ ਵਲੋਂ ਗੁਰੂ ਜੱਸ ਸੁਣਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਮ ਸਿੰਘ ਗਿੱਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਦੀ ਸੰਗਰਾਂਦ 'ਤੇ ਸਜੇ ਦੀਵਾਨਾਂ ਵਿਚ ਸੰਤ ਬਾਬਾ ਗੁਰਜੰਟ ਸਿੰਘ ਮੰਡਵੀ ਵਾਲਿਆਂ ਦੇ ਜਥੇ ਨੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਦੇ ਸ਼ਹੀਦੀ ਸਾਕੇ ਦਾ ਵਰਣਨ ਕਰਦਿਆਂ ਕਿਹਾ ਕਿ ਭਾਈ ਮਨੀ ਸਿੰਘ ਨੇ ਆਪਣੇ ਬੰਦ-ਬੰਦ ਕਟਵਾ ਲਏ ਅਤੇ ਭਾਈ ਤਾਰੂ ਸਿੰਘ ਨੇ ਖੋਪਰੀ ਉਤਰਵਾਅ ਲਈ ਪਰ ਕੇਸਾਂ ਨੂੰ ਕਤਲ ਨਹੀ ਹੋਣ ਦਿੱਤਾ ਅਤੇ ਸਿਦਕ 'ਤੇ ਕਾਇਮ ਰਹਿ ਕੇ ਅਜਿਹਾ ਇਤਿਹਾਸ ਰਚਿਆ ਕਿ ਜਿਸ ਨੂੰ ਰਹਿੰਦੀ ਦੁਨੀਆਂ 'ਤੇ ਯਾਦ ਰੱਖਿਆ ਜਾਵੇਗਾ | ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਉਨ੍ਹਾਂ ਨੂੰ ਵਕਾਰਾ ਵਲੋਂ ਮੋੜ ਕੇ ਗੁਰਸਿੱਖੀ ਵਾਲਾ ਜੀਵਨ ਧਾਰਨ ਕਰਨ ਵਾਸਤੇ ਪ੍ਰੇਰਨਾ ਚਾਹੀਦਾ ਹੈ | ਇਸ ਦੀਵਾਨ ਵਿਚ ਭਾਈ ਦੀਦਾਰ ਸਿੰਘ, ਭਾਈ ਰਾਮਫਲ ਸਿੰਘ, ਭਾਈ ਸੁਖਵਿੰਦਰ ਸਿੰਘ ਚੀਮਿਆਂ ਵਾਲੇ, ਭਾਈ ਹਰਮਨ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ ਅਤੇ ਭਾਈ ਹਰਦੀਪ ਸਿੰਘ ਤੇਈਪੁਰ ਵਾਲੇ ਅਤੇ ਭਾਈ ਅਜਮੇਰ ਸਿੰਘ ਖ਼ਾਲਸਾ ਵਲੋਂ ਗੁਰਬਾਣੀ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਗਈ | ਇਨ੍ਹਾਂ ਦੀਵਾਨਾਂ ਦੌਰਾਨ ਪ੍ਰਧਾਨ ਕਰਮਜੀਤ ਸਿੰਘ ਕਾਲੇਕਾ, ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ, ਗੁਰਬਚਨ ਸਿੰਘ ਮਾਨ, ਗੁਰਪਿੰਦਰ ਸਿੰਘ ਕਾਲੇਕਾ, ਦਰਸ਼ਨ ਸਿੰਘ ਕਾਲੇਕਾ, ਅਮਰਜੀਤ ਸਿੰਘ ਕਾਲੇਕਾ, ਲਾਭ ਸਿੰਘ, ਸੁਖਮਣੀ ਸੇਵਾ ਸੁਸਾਇਟੀ ਦੇ ਪ੍ਰਧਾਨ ਬੀਬੀ ਬਲਜੀਤ ਕੌਰ ਖ਼ਾਲਸਾ ਅਤੇ ਸੇਵਾ ਸੁਸਾਇਟੀ ਵਿਚ ਸ਼ਾਮਿਲ ਸਾਰੀਆਂ ਬੀਬੀਆਂ ਵਲੋਂ ਦੀਵਾਨਾਂ 'ਚ ਹਾਜ਼ਰੀ ਭਰਦਿਆਂ ਸੰਗਤਾਂ ਦੇ ਦਰਸ਼ਨ ਕੀਤੇ ਗਏ |