ਪਟਿਆਲਾ, 18 ਜੁਲਾਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਵਲੋਂ ਅੱਜ ਆਪਣਾ 65ਵਾਂ ਸਥਾਪਨਾ ਦਿਵਸ ਕਾਲਜ ਵਿਚ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ | ਇਸ ਮੌਕੇ ਕਾਲਜ ਕੈਂਪਸ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਕਵੀਸ਼ਰੀ ਦੇ ਰਸਭਿੰਨੇ ਗਾਇਨ ਕੀਤੇ ਗਏ | ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਨ੍ਹਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਸੁਰਜੀਤ ਸਿੰਘ ਗੜੀ ਮੈਂਬਰ ਐਡਜੈਕਟਿਵ ਕਮੇਟੀ ਅਤੇ ਬਾਬਾ ਬੂਟਾ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ | ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਨਾਲ ਹੋਈ | 65ਵੇਂ ਸਥਾਪਨਾ ਦਿਵਸ ਦੀ ਖ਼ੁਸ਼ੀ ਨੂੰ ਵਾਤਾਵਰਣ ਨਾਲ ਜੋੜਦਿਆਂ ਕਾਲਜ ਦੇ ਐਨ. ਐਸ. ਐਸ. ਵਿੰਗ ਵੱਲੋਂ ਇੱਕ ਵਿਸ਼ੇਸ਼ ਪਹਿਲ ਕਦਮੀ ਦੇ ਤਹਿਤ 65 ਅੰਬਾਂ ਦੇ ਪੌਦੇ ਲਗਾ ਕੇ ਇਕ ਅੰਬ ਬਗੀਚੀ ਸਥਾਪਿਤ ਕੀਤੀ ਗਈ | ਇਹ ਪਹਿਲਕਦਮੀ 'ਬਲਿਊ ਸਫਾਇਰ ਜੁਬਲੀ' ਨੂੰ ਸਮਰਪਿਤ ਸੀ, ਜੋ ਕਾਲਜ ਦੇ 65 ਸਾਲਾਂ ਦੇ ਸਫਰ ਦੀ ਮਹੱਤਤਾ ਨੂੰ ਦਰਸਾਉਂਦੀ ਹੈ | ਇਸ ਬਗੀਚੀ ਦੀ ਸਥਾਪਨਾ ਨਾਲ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਵੀ ਕੀਤਾ ਗਿਆ | ਇਸ ਮੌਕੇ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ ਅੰਮਿ੍ਤਧਾਰੀ ਸਕਾਲਰਸ਼ਿਪ ਦੀ 8 ਲੱਖ ਦੀ ਰਾਸ਼ੀ ਦੇ ਚੈੱਕ ਵੀ ਤਕਸੀਮ ਕੀਤੇ ਗਏ | ਸਮਾਗਮ ਵਿੱਚ ਕੀਰਤਨ ਅਤੇ ਢਾਡੀ ਵਾਰਾਂ ਦਾ ਗਾਇਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਵਲੋਂ ਮੌਕੇ 'ਤੇ 50-50 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਕਾਲਜ ਦੀ ਸਿੱਖਿਆ ਅਤੇ ਸਿੱਖ ਵਿਰਸੇ ਦੇ ਸੰਭਾਲ ਵਿਚ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਨੇ ਪਿਛਲੇ 65 ਸਾਲਾਂ ਵਿਚ ਸਿੱਖੀ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦਿਆਂ ਵਿਦਿਆਰਥੀਆਂ ਨੂੰ ਨੈਤਿਕ ਅਤੇ ਅਕਾਦਮਿਕ ਤੌਰ 'ਤੇ ਮਜ਼ਬੂਤ ਕੀਤਾ ਹੈ | ਉਨਾਂ ਅਜਿਹੀਆਂ ਮੁਹਿੰਮਾਂ ਨੂੰ ਹੋਰ ਅੱਗੇ ਵਧਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਵਰੇ੍ਹ ਮਨਾਈਆਂ ਜਾ ਰਹੀਆਂ 350 ਸਾਲਾ ਸ਼ਤਾਬਦੀਆਂ ਵਿਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਾਲਜ ਦੇ 65 ਸਾਲਾਂ ਦੇ ਸਫਰ 'ਤੇ ਚਾਨਣਾ ਪਾਇਆ | ਉਨਾਂ ਦੱਸਿਆ ਕਿ ਖ਼ਾਲਸਾ ਕਾਲਜ ਨੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਪ੍ਰਾਪਤੀਆਂ ਦੇ ਖੇਤਰ ਵਿਚ ਉੱਚ ਮਿਆਰ ਸਥਾਪਤ ਕੀਤੇ ਹਨ ਅਤੇ ਵਿਦਿਆਰਥੀਆਂ ਨੂੰ ਸਮਾਜ ਦੀ ਸੇਵਾ ਲਈ ਪ੍ਰੇਰਿਤ ਕਰਦਾ ਆ ਰਿਹਾ ਹੈ | ਉਨ੍ਹਾਂ ਨੇ ਕਾਲਜ ਸਟਾਫ ਲਈ ਨਵੇਂ ਪੇ ਸਕੇਲਾਂ ਨੂੰ ਮਨਜ਼ੂਰੀ ਦੇਣ ਲਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਤੇ ਵਿਦਿਆਰਥੀ ਭਰਵੀਂ ਗਿਣਤੀ ਵਿਚ ਹਾਜ਼ਰ ਸਨ |