03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੀਵਰੇਜ ਦੇ ਖੜ੍ਹੇ ਪਾਣੀ ਤੋਂ ਪ੍ਰੇਸ਼ਾਨ ਲੋਕ ਨਿਗਮ ਨੂੰ ਦੇ ਰਹੇ ਹਨ ਸੰਘਰਸ਼ ਦੀ ਚਿਤਾਵਨੀ

ਅਜੀਤ ਡੈਸਕ 18-07-2025
ਪਟਿਆਲਾ, 17 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਵਿਚਲੇ ਵਾਰਡਾਂ ਅੰਦਰ ਸੀਵਰੇਜ ਦੇ ਖੜ੍ਹੇ ਸੜਿਆਂਧ ਮਾਰਦੇ ਪਾਣੀ ਤੋਂ ਨਾਗਰਿਕਾਂ 'ਚ ਭੈਅ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਲੰਘੇ ਦਿਨੀਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਰਲ ਲੋਕਾਂ ਦੇ ਘਰਾਂ ਦੀਆਂ ਟੂਟੀਆਂ ਤਕ ਪਹੁੰਚ ਗਿਆ ਸੀ ਜਿਸ ਕਾਰਨ ਮੌਤਾਂ ਅਤੇ ਲੋਕਾਂ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਸੁਰਖ਼ੀਆਂ 'ਚ ਰਹੀਆਂ | ਮੌਜੂਦਾ ਸਮੇਂ ਵਾਰਡ ਨੰ. 59 ਵਿਚ ਵੀ ਅਜਿਹਾ ਹਾਲ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਰਤਾਰ ਕਾਲੋਨੀ 'ਚ ਪਿਛਲੇ 2 ਮਹੀਨਿਆਂ ਤੋਂ ਸੀਵਰੇਜ ਦਾ ਪਾਣੀ ਖੜਿ੍ਹਆਂ ਪਿਆ ਹੈ | ਨਿਗਮ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਸ ਦਾ ਹੱਲ ਨਾ ਹੁੰਦਾ ਦੇਖ ਆਖਿਰ ਕੌਂਸਲਰ ਸੁਰਜੀਤ ਕੌਰ ਅਤੇ ਅਕਾਲੀ ਆਗੂ ਸੁਖਬੀਰ ਸਿੰਘ ਅਬਲੋਵਾਲ ਵਲੋਂ ਐਲਾਨ ਕੀਤਾ ਗਿਆ ਕਿ ਜੇ ਆਉਣ ਵਾਲੇ ਦਿਨਾਂ 'ਚ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਨਾਭਾ ਰੋਡ ਦੇ ਇਲਾਕਾ ਵਾਸੀਆਂ ਨਾਲ ਜਾਮ ਲਗਾਇਆ ਜਾਵੇਗਾ | ਉਨ੍ਹਾਂ ਦਸਿਆ ਕਿ ਜਿਸ ਕਾਲੋਨੀ 'ਚ ਇਹ ਪਾਣੀ ਖੜ੍ਹਾ ਹੈ ਉੱਥੇ ਗੁਰਦੁਆਰਾ ਸਾਹਿਬ, ਨੈਣਾਂ ਦੇਵੀ ਮੰਦਿਰ, ਵੈਸ਼ਨੂੰ ਦੇਵੀ ਮੰਦਿਰ ਹਨ ਜਿੱਥੋਂ ਸ਼ਰਧਾਲੂਆਂ ਨੇ ਵੀ ਸਵੇਰੇ ਸ਼ਾਮ ਮੱਥਾ ਟੇਕਣਾ ਹੁੰਦਾ ਹੈ ਪਰ ਇਸ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਤੇ ਆਉਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ ਖ਼ਾਸ ਕਰ ਕੇ ਬੱਚਿਆਂ ਦਾ ਸਕੂਲ ਜਾਣਾ ਅਤੇ ਆਉਣਾ ਵੀ ਮਾਪਿਆਂ ਦੀ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਦੇ ਕਹੇ ਮੁਤਾਬਿਕ ਇਹ ਪਾਣੀ ਕਿਸੇ ਵੇਲੇ ਵੀ ਵਾਟਰ ਸਪਲਾਈ 'ਚ ਰਲ ਕੇ ਲੋਕਾਂ ਦੇ ਘਰਾਂ ਅੰਦਰ ਪਹੁੰਚ ਸਕਦਾ ਹੈ ਫੇਰ ਲੋਕਾਂ ਦੇ ਬਿਮਾਰ ਹੋਣ ਤੋਂ ਬਾਅਦ ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਵਲੋਂ ਮਗਰਮੱਛ ਦੇ ਹੰਝੂ ਕੇਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ | ਇਸੇ ਤਰ੍ਹਾਂ ਵਾਰਡ ਨੰਬਰ 24 ਦੀ ਵਿਰਕ ਕਾਲੋਨੀ ਵਿਚ ਗੁਰਦੁਆਰਾ ਦਸਮੇਸ਼ ਭਵਨ ਨੇੜੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਕ-ਇਕ ਹਫ਼ਤੇ ਤੋਂ ਬਰਸਾਤੀ ਪਾਣੀ ਖੜਿ੍ਹਆਂ ਪਿਆ ਹੈ | ਇੱਥੇ ਵੀ ਬਦਲਦੇ ਮੌਸਮ ਕਾਰਨ ਤਰ੍ਹਾਂ-ਤਰ੍ਹਾਂ ਦੇ ਮੱਛਰਾਂ ਦੇ ਪੈਦਾ ਹੋਣ ਲੋਕਾਂ ਨੂੰ ਬਿਮਾਰ ਹੋਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ | ਇਲਾਕਾ ਵਾਸੀ ਤਰਵਿੰਦਰ ਸਿੰਘ ਭਿੰਦਾ, ਬਲਜਿੰਦਰ ਸਿੰਘ, ਨਿਜਾਮੂਦੀਨ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਨੇ ਦਸਿਆ ਕਿ ਇਸ ਸੜਕ ਤੋਂ ਵੀ ਲੋਕਾਂ ਦਾ ਆਉਣਾ-ਜਾਣਾ ਮੁਹਾਲ ਹੋਇਆ ਪਿਆ ਹੈ | ਖ਼ਾਸ ਕਰ ਕੇ ਆਉਂਦੇ ਜਾਂਦੇ ਬਜ਼ੁਰਗ ਕਈ ਵਾਰੀ ਤਿਲ੍ਹਕਣ ਕਾਰਨ ਸੱਟਾਂ ਖਾ ਚੁੱਕੇ ਹਨ | ਖੜ੍ਹੇ ਪਾਣੀ ਦੇ ਹੇਠਾਂ ਟੋਏ ਹੋਣ ਕਾਰਨ ਵੀ ਦੋਪਹੀਆ ਵਾਹਨ ਚਾਲਕ ਅਕਸਰ ਇੱਥੇ ਡਿੱਗੇ ਦਿਖਦੇ ਹਨ | ਮੁਹੱਲਾ ਵਾਸੀਆਂ ਨੇ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਨਿਗਮ ਦਫ਼ਤਰ ਦਾ ਘਿਰਾਓ ਕਰਨ ਲਈ ਵੀ ਉਹ ਮਜਬੂਰ ਹੋਣਗੇ |
ਪਿਛਲੀ ਖ਼ਬਰ ਉਦਯੋਗਿਕ ਇਕਾਈਆਂ ਤੋਂ ਸੱਖਣੇ ਸਨੌਰ 'ਚ ਬੇਰੁਜ਼ਗਾਰੀ ਸਿਖ਼ਰਾਂ 'ਤੇ ਅਗਲੀ ਖ਼ਬਰ ਸ਼ੁਤਰਾਣਾ ਵਿਖੇ ਚੀਮਾ ਦੇ ਘਰ ਪਹੁੰਚਣ 'ਤੇ ਹਰਿਆਊ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।