ਕਾਨੂੰਨ ਦੇ ਉਲਟ ਬਣੀਆਂ ਉਸਾਰੀਆਂ ਆਵਾਜਾਈ 'ਚ ਪਾ ਰਹੀਆਂ ਨੇ ਵਿਘਨ
ਅਜੀਤ ਡੈਸਕ
17-07-2025
ਪਟਿਆਲਾ, 16 ਜੁਲਾਈ-ਨਿੱਜੀ ਹਸਪਤਾਲ ਅਤੇ ਵਪਾਰਕ ਅਦਾਰਿਆਂ ਦੇ ਬਾਹਰ ਅਣਅਧਿਕਾਰਤ ਤੌਰ 'ਤੇ ਖੜੇ ਵਾਹਨ ਪਟਿਆਲਾ ਸ਼ਹਿਰ ਵਿਚੋਂ ਲੰਘਣ ਵਾਲੇ ਰਾਹਗੀਰਾਂ ਲਈ ਰੋਜ਼ਾਨਾ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵਲੋਂ ਦਾਅਵੇ ਕਰਨ ਦੇ ਬਾਵਜੂਦ ਹਾਲੇ ਤੱਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਹੋਇਆ ਜਿਸ ਕਾਰਨ ਰਾਹਗੀਰਾਂ ਨੂੰ ਲਗਾਤਾਰ ਪਿਛਲੇ ਪੰਜ ਸਾਲਾਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਇੰਸਟੀਚਿਊਟ, ਹਸਪਤਾਲ ਵੱਡੀ ਗਿਣਤੀ ਵਿਚ ਸ਼ਾਮਿਲ ਹਨ | ਹੁਣ ਇਸ ਸੱਭ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਵੀ ਦਮਗਜੇ ਮਾਰਦੇ ਹੋਏ ਮੈਦਾਨ ਵਿਚ ਨਿੱਤਰੇ ਹਨ ਪਰੰਤੂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਸਾਹਮਣੇ ਹੀ ਨਿਗਮ ਕਾਨੂੰਨ ਦੇ ਨਾਲ-ਨਾਲ ਕਈ ਵਿਭਾਗਾਂ ਨੂੰ ਸਿੱਧੀ ਚੁਨੌਤੀ ਦੇ ਕੀਤੀਆਂ ਜਾ ਰਹੀਆਂ ਊਣਤਾਈਆਂ ਸਾਰੇ ਦਾਅਵੇ ਖੋਖਲੇ ਸਾਬਤ ਕਰ ਰਹੀਆਂ ਹਨ | ਇੱਥੇ ਬਣਾਈ ਗਈ ਵਪਾਰਿਕ ਉਸਾਰੀ ਵਿਚ ਬਹੁਤ ਵੱਡੀ ਪਾਰਕਿੰਗ ਬੇਸਮੈਂਟ ਵਿਚ ਦਿਖਾ ਕੇ ਪਾਸ ਕਰਵਾਈ ਗਈ ਜਦਕਿ ਸ਼ੋਅਰੂਮ ਦਿਖਾ ਕੇ ਕੀਤੀ ਗਈ ਉਸਾਰੀ ਨੂੰ ਮੌਜੂਦਾ ਸਮੇਂ ਵੱਡੀ ਗਿਣਤੀ 'ਚ ਬਚਿਆਂ ਨੂੰ ਪੜ੍ਹਾਉਣ ਲਈ ਵਰਤਿਆ ਜਾ ਰਿਹਾ ਹੈ | ਪੀ. ਡਬਲਿਊ. ਡੀ. ਤੋਂ ਕੋਈ ਇਤਰਾਜ਼ ਨਹੀਂ (ਐਨ. ਓ. ਸੀ.) ਦਾ ਸਰਟੀਫਿਕੇਟ ਵੀ ਨਹੀਂ ਲਿਆ ਗਿਆ | ਮੌਜੂਦਾ ਸਮੇਂ ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਖੋਲੇ੍ਹ ਗਏ ਇੰਸਟੀਚਿਊਟ ਦੀ ਇਮਾਰਤ ਨਗਰ ਨਿਗਮ ਤੋਂ ਪਾਸ ਕਰਵਾਉਣ ਮੌਕੇ ਇਸ ਦੀ ਬੇਸਮੈਂਟ ਨੂੰ ਪਾਰਕਿੰਗ ਦਿਖਾਇਆ ਗਿਆ ਸੀ ਪਰ ਮੌਜੂਦਾ ਸਮੇਂ ਇਸ ਵਿਚ ਕਿਸੇ ਦਾ ਵਾਹਨ ਖੜ੍ਹਾ ਨਹੀਂ ਹੋਣਾ ਦਿੱਤਾ ਜਾ ਰਿਹਾ | ਦਰਜਨਾਂ ਕਾਰਾਂ, ਬੱਚਿਆਂ ਨੂੰ ਲਿਆਉਣ ਵਾਲੇ ਵਾਹਨ ਤੇ ਬੱਚਿਆਂ ਵਲੋਂ ਖ਼ੁਦ ਲਿਆਂਦੇ ਜਾ ਰਹੇ ਵਾਹਨ ਸਰਕਾਰੀ ਜਗ੍ਹਾ 'ਤੇ ਖੜ੍ਹਾਏ ਜਾ ਰਹੇ ਹਨ | ਇਹ ਸੱਭ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਪਟਿਆਲਾ ਦੀ ਰਿਹਾਇਸ਼ ਦੇ ਸਾਹਮਣੇ ਹੋਣਾ ਬਾਕੀ ਸ਼ਹਿਰ ਦੀ ਸਥਿੱਤੀ ਨੂੰ ਬਿਆਨ ਕਰਨ ਵਾਲਾ ਲਗ ਰਿਹਾ ਹੈ | ਇਸੇ ਤਰ੍ਹਾਂ ਲੀਲ੍ਹਾ ਭਵਨ ਤੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨੂੰ ਜਾਂਦੀ ਸੜਕ 'ਤੇ ਖੋਲ੍ਹੇ ਗਏ ਹਸਪਤਾਲ, ਜਿਨ੍ਹਾਂ ਦਾ ਸਟਾਫ਼ ਵੀ ਨਿਰਧਾਰਿਤ ਥਾਵਾਂ 'ਤੇ ਵਾਹਨ ਖੜ੍ਹੇ ਨਾ ਕਰ ਸੜਕ 'ਤੇ ਵਾਹਨ ਲਗਾ ਰਿਹਾ ਹੈ | ਇਸ ਸੜਕ 'ਤੇ ਵੀ ਹਰ ਵੇਲੇ ਵੱਡੇ ਵਾਹਨਾਂ ਦੇ ਆਉਣ-ਜਾਣ ਨਾਲ ਛੋਟੇ ਵਾਹਨ ਵਾਲਿਆਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ | ਇਹੀ ਹਾਲ 22 ਨੰਬਰ ਫਾਟਕ ਤੋਂ 21 ਨੰਬਰ ਫਾਟਕ ਵਾਲੀ ਰੋਡ ਉੱਤੇ ਦੇਖਣ ਨੂੰ ਮਿਲ ਰਿਹਾ ਹੈ | ਇੱਥੇ ਵੀ ਰਿਹਾਇਸ਼ੀ ਮਕਾਨਾਂ ਵਿਚ ਵੱਡੇ-ਵੱਡੇ ਖੁੱਲ੍ਹੇ ਇੰਸਟੀਚਿਊਟਾਂ ਅੱਗੇ ਖੜ੍ਹੇ ਵਾਹਨਾਂ ਨਾਲ ਆਵਾਜਾਈ ਵਿਚ ਰੁਕਾਵਟ ਰਹਿੰਦੀ ਹੈ | ਮਾਡਲ ਟਾਊਨ, ਬਚਿੱਤਰ ਨਗਰ ਆਦਿ ਨੂੰ ਜਾਂਦੀਆਂ ਸੜਕਾਂ ਨੂੰ ਵੀ ਥੋਕ ਵਿਚ ਵਪਾਰਿਕ ਐਲਾਨਣ ਕਾਰਨ ਹੋ ਰਹੀਆਂ ਵਪਾਰਿਕ ਉਸਾਰੀਆਂ ਜਿਨ੍ਹਾਂ ਵਿਚ ਹਸਪਤਾਲਾਂ ਦੀ ਗਿਣਤੀ ਵੱਧ ਹੈ, ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹੋਏ ਪਏ ਹਨ | ਇਸੇ ਤਰ੍ਹਾਂ ਦਾ ਹਾਲ ਲੀਲਾ ਭਵਨ ਤੋਂ ਇਨਕਮ ਟੈਕਸ ਰੋਡ ਅਤੇ ਰਾਜਿੰਦਰਾ ਹਸਪਤਾਲ ਦੇ ਪਿਛਲੇ ਪਾਸੇ ਜਾਂਦੀ ਸੜਕ ਉਤੇ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਵੱਡੀ ਗਿਣਤੀ ਵਿਚ ਨਿਗਮ ਕਾਨੂੰਨ ਦੇ ਉਲਟ ਬਣੀਆਂ ਇਮਾਰਤਾਂ ਅੰਦਰ ਹਸਪਤਾਲ ਚਲਾਏ ਜਾ ਰਹੇ ਹਨ ਜਿਨ੍ਹਾਂ ਅੱਗੇ ਸੈਂਕੜਿਆਂ ਦੀ ਗਿਣਤੀ ਵਿਚ ਆਉਣ ਵਾਲੇ ਮਰੀਜ਼ਾਂ ਦੇ ਵਾਹਨ ਅਤੇ ਹਸਪਤਾਲਾਂ ਦੇ ਸਟਾਫ਼ ਦੇ ਖੜੇ ਵਾਹਨ ਆਮ ਰਾਹਗੀਰਾਂ ਦਾ ਰਸਤਾ ਰੋਕ ਕੇ ਆਵਾਜਾਈ 'ਚ ਵਿਘਨ ਪਾ ਰਹੇ ਹਨ | ਇਸ ਤੋਂ ਇਲਾਵਾ ਅਦਾਲਤ ਅਨਾਰਦਾਣਾ ਚੌਕ ਤੋਂ ਅਦਾਲਤ ਬਾਜਾਰ ਤੱਕ ਵੀ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਈ ਕਈ ਸੌ ਗਜ ਦੇ ਸ਼ੋਅ ਰੂਮਾਂ ਵਿਚ ਆਉਣ ਵਾਲੇ ਗਾਹਕਾਂ ਦੇ ਵਾਹਨ ਵੀ ਆਵਾਜਾਈ ਵਿਚ ਰੁਕਾਵਟ ਬਣਦੇ ਹਨ | ਇਸ ਸਾਰੇ ਘਟਨਾਕ੍ਰਮ ਦੇ ਬਾਵਜੂਦ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਸਿਰਫ਼ ਫੋਕੇ ਢੋਲ ਵਜਾ ਕੇ ਹੀ ਬੁੱਤਾ ਸਾਰ ਰਹੇ ਹਨ |