ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਰਵਿੰਦਰ ਮੌਦਗਿਲ)-ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਮਾਲ ਵਿਭਾਗ ਨਾਲ ਸਬੰਧਿਤ 5 ਸੇਵਾਵਾਂ, ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ 30 ਸੇਵਾਵਾਂ ਹੁਣ ਸੇਵਾ ਕੇਂਦਰਾਂ 'ਤੇ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਹੁਣ ਡੀਡ ਰਜਿਸਟ੍ਰੇਸ਼ਨ, ਡੀਡ ਦਾ ਖਰੜਾ ਤਿਆਰ ਕਰਨਾ, ਪੂਰਵ-ਪੜਤਾਲ ਲਈ ਡੀਡ ਜਮ੍ਹਾ ਕਰਨੀ, ਸਟੈਂਪ ਡਿਊਟੀ ਦਾ ਭੁਗਤਾਨ, ਇੰਤਕਾਲ ਲਈ ਬੇਨਤੀ (ਵਿਰਾਸਤ ਜਾਂ ਰਜਿਸਟਰਡ ਡੀਡ ਦੇ ਆਧਾਰ 'ਤੇ, ਰਪਟਾਂ ਦੇ ਦਾਖ਼ਲੇ ਲਈ ਬੇਨਤੀ (ਅਦਾਲਤੀ ਆਦੇਸ਼ਾਂ, ਬੈਂਕ ਕਰਜ਼ੇ ਦੇ ਗਿਰਵੀਨਾਮੇ ਜਾਂ ਬੈਂਕ ਕਰਜ਼ਿਆਂ/ਗਿਰਵੀਨਾਮੇ ਦੀ ਮੁਆਫ਼ੀ ਨਾਲ ਸਬੰਧਿਤ), ਫ਼ਰਦ ਬਦਰ ਲਈ ਬੇਨਤੀ (ਰਿਕਾਰਡ ਵਿਚ ਸੁਧਾਰ), ਡਿਜੀਟਲ ਤੌਰ 'ਤੇ ਦਸਤਖ਼ਤ ਕੀਤੀ ਫ਼ਰਦ ਲਈ ਬੇਨਤੀ ਅਤੇ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ 16 ਅਤੇ ਆਰ.ਸੀ. ਨਾਲ ਸਬੰਧਿਤ 14 ਸੇਵਾ ਹੁਣ ਸੇਵਾ ਕੇਂਦਰ ਤੋਂ ਮਿਲਣਗੀਆਂ | ਉਨ੍ਹਾਂ ਦੱਸਿਆ ਕਿ ਜੋ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ ਤਾਂ ਉਹ ਫ਼ੋਨ ਨੰਬਰ-1076 ਡਾਇਲ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਡੋਰ ਸਟੈੱਪ ਡਿਲੀਵਰੀ ਰਾਹੀਂ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ ਹਨ | ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਵਿਚ ਲਰਨਰ ਲਾਇਸੈਂਸ, ਜਿਵੇਂ ਕਿ ਨਵੀਂ ਅਰਜ਼ੀ, ਪਤੇ ਦੀ ਤਬਦੀਲੀ, ਨਾਮ ਦੀ ਤਬਦੀਲੀ, ਡੁਪਲੀਕੇਟ ਲਰਨਲ ਲਾਇਸੈਂਸ ਤੋਂ ਇਲਾਵਾ ਡਰਾਇੰਵਿੰਗ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੈਂਸ, ਨਵੀਨੀਕਰਨ (ਜਿੱਥੇ ਟੈੱਸਟ ਟਰੈਕ ਜਾਣ ਦੀ ਜ਼ਰੂਰਤ ਨਹੀਂ), ਰਿਪਲੇਸਮੈਂਟ, ਪਤੇ ਦੀ ਤਬਦੀਲੀ, ਨਾਮ ਦੀ ਤਬਦੀਲੀ, ਜਨਮ ਮਿਤੀ ਦੀ ਦਰੁਸਤੀ, ਡਰਾਈਵਿੰਗ ਲਾਇਸੰਸ ਐਕਸਟਰੈਕਟ ਪ੍ਰੀਵੀਜੀਨਿੰਗ, ਲਾਇਸੈਂਸ ਸਰੈਂਡਰ, ਪਬਲਿਕ ਸਰਵਿਸ ਵਹੀਕਲ ਦਾ ਬੈਜ, ਕਡੰਕਟਰ ਲਾਇਸੈਂਸ ਦਾ ਨਵੀਨੀਕਰਨ, ਲਰਨਰ ਲਾਇਸੈਂਸ ਦੀ ਮਿਆਦ ਵਿਚ ਵਾਧਾ, ਇੰਟਰ ਨੈਸ਼ਨਲ ਡਰਾਇੰਵਿਗ ਪਰਮਿਟ ਸ਼ਾਮਲ ਹਨ | ਆਰ.ਸੀ ਨਾਲ ਸਬੰਧਿਤ ਸੇਵਾਵਾਂ ਵਿਚ ਡੁਪਲੀਕੇਟ ਆਰ.ਸੀ, ਗੈਰ-ਵਪਾਰਕ ਵਾਹਨ ਦੀ ਮਾਲਕੀ ਤਬਦੀਲੀ, ਹਾਇਰ ਪਰਚੇਜ ਦੀ ਨਿਰੰਤਰਤਾ (ਮਾਲਕੀ ਤਬਦੀਲੀ/ਨਾਮ ਤਬਦੀਲੀ ਦੀ ਸੂਰਤ ਵਿਚ), ਹਾਇਰ ਪਰਚੇਜ ਐਗਰੀਮੈਂਟ ਦੀ ਇੰਨਡੋਰਸਮੈਂਟ, ਵਪਾਰਕ ਵਾਹਨਾਂ ਦਾ ਫਿਟਨੈਂਸ ਸਰਟੀਫਿਕੇਟ (ਭਾਰੇ/ਮੀਡੀਅਮ/ਤਿੰਨ ਪਹੀਆ/ ਚਾਰ ਪਹੀਆ/ਐਲ.ਐਮ.ਵੀ), ਵਧੀਕ ਲਾਈਫ਼ ਟਾਈਮ ਟੈਕਸ ਦੀ ਅਦਾਇਗੀ (ਮਾਲਕੀ ਤਬਦੀਲੀ ਦੀ ਸੂਰਤ ਵਿਚ), ਆਰ.ਸੀ. ਦੇ ਵੇਰਵੇ ਦੇਖਣੇ, ਆਰ.ਸੀ. ਲਈ ਐਨ.ਓ.ਸੀ, ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ ਵਿਚ ਮੋਬਾਈਲ ਨੰਬਰ ਦਾ ਅੱਪਡੇਟ, ਆਰ.ਸੀ. ਵਿਚ ਪਤੇ ਦੀ ਤਬਦੀਲੀ, ਵਾਹਨ ਵਿਚ ਤਬਦੀਲੀ ਅਤੇ ਹਾਇਰ ਪਰਚੇਜ਼ ਐਗਰੀਮੈਂਟ ਦੀ ਸਮਾਪਤੀ ਸ਼ਾਮਿਲ ਹਨ |