ਫ਼ਤਹਿਗੜ੍ਹ ਸਾਹਿਬ, 14 ਜੁਲਾਈ (ਬਲਜਿੰਦਰ ਸਿੰਘ)-ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਦੇ ਸ਼ੁੱਭ ਦਿਨ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਸ਼ਹਿਰ ਦੇ ਵੱਖ-ਵੱਖ ਸ਼ਿਵ ਮੰਦਿਰਾਂ ਵਿਚ ਮੱਥਾ ਟੇਕਿਆ | ਉਨ੍ਹਾਂ ਪਵਿੱਤਰ ਸ਼ਿਵਲਿੰਗ 'ਤੇ ਦੁੱਧ ਤੇ ਪਾਣੀ ਚੜ੍ਹਾਇਆ ਅਤੇ ਪੂਜਾ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸਰਹਿੰਦ ਸ਼ਹਿਰ ਦੇ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ, ਸਰਹਿੰਦ ਦੇ ਸਨਾਤਨ ਧਰਮ ਮੰਦਿਰ ਅਤੇ ਸ਼ਹਿਰ ਦੇ ਹੋਰ ਸ਼ਿਵ ਮੰਦਿਰਾਂ ਵਿਚ ਨਤਮਸਤਕ ਹੋ ਕੇ ਸ਼ਿਵ ਦੀ ਪੂਜਾ ਕੀਤੀ | ਸਨਾਤਨ ਧਰਮ ਮੰਦਿਰ ਦੇ ਮੁੱਖ ਪੁਜਾਰੀ ਆਚਾਰੀਆ ਯੋਗਰਾਜ ਨੇ ਕਿਹਾ ਕਿ ਸਾਉਣ ਦੇ ਹਰ ਸੋਮਵਾਰ ਦਾ ਵਿਸ਼ੇਸ਼ ਮਹੱਤਵ ਹੈ | ਪੁਰਾਣਾਂ ਅਨੁਸਾਰ, ਸਾਉਣ ਦਾ ਮਹੀਨਾ ਮਹਾਂਦੇਵ ਨੂੰ ਖ਼ੁਸ਼ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ | ਜੋ ਭਗਤ ਸਾਉਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ, ਭਗਵਾਨ ਸ਼ਿਵ ਨੂੰ ਜਲ ਚੜ੍ਹਾਉਂਦਾ ਹੈ ਅਤੇ ਵਿਧੀ ਪੂਰਵਕ ਪੂਜਾ ਕਰਦਾ ਹੈ, ਭਗਵਾਨ ਸ਼ਿਵ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ |