28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸਬਸਿਡੀ ਵਾਲੇ ਔਜ਼ਾਰ ਵੇਚਣ ਵਾਲਿਆਂ 'ਤੇ ਹੋਵੇਗੀ ਕਾਰਵਾਈ : ਮੁੱਖ ਖੇਤੀਬਾੜੀ ਅਫ਼ਸਰ

ਅਜੀਤ ਡੈਸਕ 15-07-2025
ਪਟਿਆਲਾ, 14 ਜੁਲਾਈ (ਅ. ਸ. ਆਹਲੂਵਾਲੀਆ)-ਸਰਕਾਰ ਭਾਵੇਂ ਕੇਂਦਰ ਦੀ ਹੋਵੇ ਚਾਹੇ ਸੂਬੇ ਦੀ, ਸਮਾਜ ਦੇ ਹਰ ਵਰਗ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਸਕੀਮਾਂ ਕੱਢ ਕੇ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਜਿਹੀਆਂ ਸੁਹਿਰਦ ਕੋਸ਼ਿਸ਼ਾਂ ਦਾ ਲਾਭ ਕੁਝ ਲਾਲਚੀ ਅਤੇ ਵਪਾਰਕ ਬੁੱਧੀ ਦੇ ਲੋਕਾਂ ਕਾਰਨ ਅਸਲ ਲਾਭਪਾਤਰੀਆਂ ਤੱਕ ਨਹੀਂ ਪਹੁੰਚਦਾ | ਇਸੇ ਤਰ੍ਹਾਂ ਲੰਘੇ ਕੁਝ ਸਾਲਾਂ 'ਚ ਖੇਤੀਬਾੜੀ ਵਿਭਾਗ ਰਾਹੀਂ ਕਿਸਾਨਾਂ ਨੂੰ ਅਤੇ ਸੁਸਾਇਟੀਆਂ ਨੂੰ ਕੁਝ ਖੇਤੀ ਉਪਕਰਨ ਸਬਸਿਡੀਆਂ ਆਦਿ 'ਤੇ ਦਿੱਤੇ ਗਏ ਸਨ ਜਿਸ ਦਾ ਲਾਭ ਵੀ ਕੁਝ ਲੋਕਾਂ ਵਲੋਂ ਚੁੱਕਦਿਆਂ ਪਰਾਲੀ ਸਾਂਭਣ ਵਾਲੇ ਉਪਕਰਨ ਵੀ ਵੱਖ-ਵੱਖ ਥਾਵਾਂ ਤੋਂ ਖ਼ਰੀਦ ਲਏ ਗਏ ਅਤੇ ਮਿਲਣ ਵਾਲੀਆਂ ਸਬਸਿਡੀਆਂ ਡਕਾਰ ਲਈਆਂ ਗਈਆਂ | ਜਿਸ ਦੀ ਭਿਣਕ ਪੈਣ ਤੋਂ ਬਾਅਦ ਸੂਬਾ ਸਰਕਾਰ ਵਲੋਂ ਅਜਿਹੇ ਲੋਕਾਂ ਦੀ ਪਛਾਣ ਕਰ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਇਸ ਸੰਬੰਧੀ ਗਲ ਕਰਦਿਆਂ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਦਸਿਆ ਕਿ ਪਿਛਲੇ ਸਾਲ 679 ਮਸ਼ੀਨਰੀ ਉਪਕਰਨ ਸਬਸਿਡੀ 'ਤੇ ਜ਼ਿਲ੍ਹੇ 'ਚ ਦਿੱਤੇ ਗਏ ਸਨ | ਇਸ ਤੋਂ ਪਹਿਲਾਂ ਲੰਘੇ ਸਾਲਾਂ 'ਚ 6867 ਉਪਕਰਨ ਸਬਸਿਡੀ 'ਤੇ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਵਲੋਂ ਸਬਸਿਡੀ ਲੈ ਕੇ ਉਪਕਰਨ ਅੱਗੇ ਵੇਚ ਦਿੱਤੇ ਗਏ ਹਨ, ਦੀ ਪਛਾਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ | ਦੋਸ਼ੀ ਪਾਏ ਜਾਣ 'ਤੇ ਜਿੱਥੇ ਉਪਕਰਨ ਜ਼ਬਤ ਕੀਤੇ ਜਾਣਗੇ ਉੱਥੇ ਜੁਰਮਾਨੇ ਵੀ ਲਗਾਏ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਲਈ ਸੰਬੰਧਿਤ ਅਧਿਕਾਰੀਆਂ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਅਗਲੇ ਕੁਝ ਦਿਨਾਂ ਵਿਚ ਹੀ ਆਪਣੀ ਰਿਪੋਰਟ ਦੇ ਦੇਣਗੀਆਂ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਰਘਬੀਰ ਸਿੰਘ ਮਹਿਮੀ ਦੀ ਸਵੈ ਜੀਵਨੀ 'ਅੰਗਰੇਜੋ ਦਾ ਲਾਡਲਾ' (ਭਾਗ ਦੂਜਾ) ਦਾ ਲੋਕ ਅਰਪ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ 'ਚ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।