ਪਟਿਆਲਾ, 14 ਜੁਲਾਈ (ਅ. ਸ. ਆਹਲੂਵਾਲੀਆ)-ਨਗਰ ਨਿਗਮ ਹਦੂਦ ਵਿਚ ਸੀਵਰੇਜ ਬਲਾਕ ਦੀ ਸਮੱਸਿਆ ਕਾਰਨ ਭਰੇ ਗਟਰ ਅਤੇ ਸੜਕਾਂ ਲੋਕਾਂ ਦੇ ਬਿਮਾਰ ਹੋਣ ਦਾ ਕਾਰਨ ਵੀ ਬਣ ਰਹੇ ਹਨ | ਸੜਿਆਂਦ ਮਾਰਦਾ ਪਾਣੀ ਗਲੀਆਂ ਵਿਚੋਂ ਲੰਘਦੀਆਂ ਵਾਟਰ ਸਪਲਾਈ ਪਾਈਪਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਕਹਿਰ ਵਰਤਾ ਰਿਹਾ ਹੈ | ਇਸੇ ਸੀਵਰੇਜ ਜਾਮ ਸਮੱਸਿਆ ਤੋਂ 24 ਨੰਬਰ ਫਾਟਕ ਕੋਲ ਬਣੀਆਂ ਕਈ ਕਾਲੋਨੀਆਂ ਦੇ ਵਸਨੀਕ ਭੈਭੀਤ ਹੋਏ ਪਏ ਹਨ | ਉਪਰੋਂ ਪੈਂਦੀ ਬਰਸਾਤ ਕਾਰਨ ਇਸ ਪਾਣੀ ਦੇ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋਣ ਕਾਰਨ ਹਾਲਾਤ ਹੋਰ ਵੀ ਚਿੰਤਾਜਨਕ ਬਣੇ ਪਏ ਹਨ | ਫਾਟਕ ਦੇ ਬਿਲਕੁਲ ਨਾਲ ਖ਼ਾਲਸਾ ਐਵੇਨਿਊ ਕਾਲੋਨੀ ਵਾਸੀਆਂ ਦੇ ਦੱਸਣ ਮੁਤਾਬਿਕ ਪ੍ਰਤਾਪ ਨਗਰ 23 ਨੰਬਰ ਫਾਟਕ ਤੋਂ ਸਾਰਾ ਬਰਸਾਤੀ ਅਤੇ ਸੀਵਰੇਜ ਦਾ ਪਾਣੀ ਇਥੋਂ ਅੱਗੇ ਜਾਂਦਾ ਸੀ ਪਰੰਤੂ ਸੀਵਰੇਜ ਆਦਿ ਬੰਦ ਹੋਣ ਕਾਰਨ ਸਾਰਾ ਪਾਣੀ ਇਥੇ ਹੀ ਫੈਲ ਰਿਹਾ ਹੈ | ਉਲਟਾ ਸੀਵਰੇਜ ਵਿਚੋਂ ਵੱਡੀ ਮਾਤਰਾ ਵਿਚ ਗੰਦਾ ਪਾਣੀ ਬਾਹਰ ਫੈਲ ਰਿਹਾ ਹੈ | ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਲੋਕਾਂ ਦੇ ਕਹੇ ਮੁਤਾਬਿਕ ਇਸ ਇਲਾਕੇ ਵਿਚ ਵੀ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਰਲ ਕੇ ਲੋਕਾਂ ਦੇ ਘਰਾਂ ਤੱਕ ਪਹੁੰਚੇ, ਇਸ ਤੋਂ ਪਹਿਲਾਂ ਹੀ ਨਗਰ ਨਿਗਮ ਨੂੰ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ |