ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੇਂਟ ਪੀਟਰਸ ਕਾਨਵੈਂਟ ਸਕੂਲ ਡਿਆਲ ਭੜੰਗ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਸੈਦੋਗਾਜੀ ਅਤੇ ਗੁਰਪ੍ਰੀਤ ਸਿੰਘ ਸੈਦੋਗਾਜੀ ਦੇ ਉੱਦਮ ਨਾਲ ਸਾਲਾਨਾ ਦੋ ਰੋਜ਼ਾ ਖੇਡ ਦਿਵਸ ਮਨਾਇਆ ਗਿਆ | ਖੇਡਾਂ ਦੀ ਰਸਮੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਗਰਾਊਾਡ 'ਚ ਮਾਰਚ ਪਾਸਟ ਕਰਨ ਉਪਰੰਤ ਸਕੂਲ ਮੈਨੇਜਮੈਂਟ ਟੀਮ ਦੇ ਸੀਨੀਅਰ ਮੈਂਬਰ ਸਤਨਾਮ ਸਿੰਘ ਗੁਰਾਇਆ ਸੈਦੋਗਾਜੀ ਅਤੇ ਪਿ੍ੰਸੀਪਲ ਸੰਜੀਵ ਸ਼ਰਮਾ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ | ਖੇਡਾਂ ਦੇ ਪਹਿਲੇ ਦਿਨ ਨਰਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਖੇਡਾਂ ਵਿਚ 50 ਮੀਟਰ ਦੌੜ ਅਤੇ ਸਪੂਨ ਦੌੜ ਸਮੇਤ ਹੋਰ ਛੋਟੀਆਂ ਖੇਡਾਂ ਕਰਵਾਈਆਂ ਗਈਆਂ ਜਦਕਿ ਦੂਸਰੇ ਦਿਨ ਖੋ-ਖੋ, ਵਾਲੀਬਾਲ, 100 ਮੀਟਰ ਦੌੜ ਅਤੇ ਲੰਬੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਛੇਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਅੰਤ ਵਿਚ ਕਰਵਾਏ ਸਨਮਾਨ ਸਮਾਰੋਹ ਦੌਰਾਨ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਸਤਨਾਮ ਸਿੰਘ ਗੁਰਾਇਆ ਤੇ ਪਿ੍ੰਸੀਪਲ ਸੰਜੀਵ ਕੁਮਾਰ ਵਲੋਂ ਸਾਂਝੇ ਤੌਰ 'ਤੇ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸਤਨਾਮ ਸਿੰਘ ਗੁਰਾਇਆ ਨੇ ਕਿਹਾ ਕਿ ਖੇਡਾਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਮਾਨਸਿਕ ਤੇ ਸਮਾਜਿਕ ਵਿਕਾਸ ਕਰਨ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ | ਇਸ ਮੌਕੇ ਗੁਰਲਾਲ ਸਿੰਘ (ਪੀ.ਟੀ), ਅਮਨਦੀਪ ਕੌਰ, ਬਲਜੀਤ ਕੌਰ, ਮਨਜੀਤ ਕੌਰ ਅਤੇ ਮੋਨਿਕਾ ਸਮੇਤ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |