ਚੌਂਕ ਮਹਿਤਾ, 20 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀਨਗਰ ਤੋਂ ਸਜਾਏ ਗਏ ਨਗਰ ਕੀਰਤਨ ਦਾ ਮਹਿਤਾ ਚੌਂਕ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਪੰਜਾਬ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਦਾ ਇੱਥੇ ਪਹੁੰਚਣ 'ਤੇ ਪੰਜਾਬ ਪੁਲਿਸ ਵਲੋਂ ਹਥਿਆਰ ਬੰਦ ਸਲਾਮੀ ਦੇ ਕੇ ਨਮਨ ਕੀਤਾ ਗਿਆ | ਉਪਰੰਤ ਪੰਜਾਬ ਸਰਕਾਰ ਦੇ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ. ਅਤੇ ਲਾਲਜੀਤ ਸਿੰਘ ਭੁੱਲਰ ਨੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਅਰਪਿਤ ਕਰਕੇ ਆਪਣੀ ਅਕੀਦਤ ਦਾ ਪ੍ਰਗਟਾਵਾ ਕੀਤਾ | ਵਰਣਨ ਯੋਗ ਹੈ ਕਿ ਬੇਸ਼ਕ ਇਹ ਨਗਰ ਕੀਰਤਨ ਗੁਰਦਾਸਪੁਰ ਤੋਂ ਚੱਲ ਕੇ ਵਾਇਆ ਬਟਾਲਾ ਹੁੰਦਾ ਹੋਇਆ ਤਕਰੀਬਨ 9 ਵਜੇ ਇੱਥੇ ਪੁੱਜਿਆ ਸੀ ਪਰ ਮਹਿਤਾ ਚੌਂਕ ਅਤੇ ਇਲਾਕੇ ਦੀਆਂ ਬੇਸ਼ੁਮਾਰ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਲੰਬੀ ਇੰਤਜ਼ਾਰ ਕਰਨ ਤੋਂ ਬਾਅਦ ਪਾਲਕੀ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜਨਮ ਸਫਲਾ ਕੀਤਾ | ਇਸ ਮੌਕੇ ਐਸ.ਡੀ.ਐਮ. ਬਾਬਾ ਬਕਾਲਾ ਅਮਨ ਪ੍ਰੀਤ ਸਿੰਘ, ਸ੍ਰੀ ਅਜੈ ਕੁਮਾਰ ਗਾਂਧੀ ਸਰਪੰਚ ਮਹਿਤਾ ਚੌਂਕ, ਪ੍ਰਧਾਨ ਗੁਰਮੁਖ ਸਿੰਘ ਔਜਲਾ, ਜਗਦੀਪ ਸਿੰਘ ਰੰਧਾਵਾ,ਸਰਪੰਚ ਸਰਪੰਚ ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਚੇਅਰਮੈਨ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਸਰਪੰਚ ਉਸਮਾ, ਬਲਵਿੰਦਰ ਸਿੰਘ ਸਰਪੰਚ ਰਜਧਾਨ, ਗੁਰਜਿੰਦਰ ਸਿੰਘ ਕੋਹਾਟ ਪਿੰਡ, ਬੂਟਾ ਸਿੰਘ ਜਲਾਲ, ਲਾਡੀ ਸੂਰ ਪੱਡਾ, ਜਸਕਰਨ ਸਿੰਘ ਸੰਧੂ, ਮਨੂੰ ਤਨੇਜਾ, ਸਰਪੰਚ ਮਨਜੀਤ ਸਿੰਘ ਅਤੇ ਇਲਾਕੇ ਦੀਆਂ ਬੇਅੰਤ ਸੰਗਤਾਂ ਮੌਜੂਦ ਸਨ |
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਮਹਿਤਾ ਚੌਕ ਵਿਖੇ ਸਵਾਗਤ
ਅਜੀਤ ਡੈਸਕ
21-11-2025