ਮੰਡੀ ਗੋਬਿੰਦਗੜ੍ਹ, 20 ਨਵੰਬਰ (ਰਾਜੇਸ਼ ਸ਼ਰਮਾ)-ਨਾਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦਾ ਰੁਖ਼ ਸਖ਼ਤ ਹੁੰਦਾ ਜਾ ਰਿਹਾ ਹੈ | ਇਕ ਵਾਰ ਫੇਰ ਤੋਂ ਨਗਰ ਕੌਂਸਲ ਵਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ | ਇਹ ਕਾਰਵਾਈ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ 'ਚ ਕੌਂਸਲ ਟੀਮ ਵਲੋਂ ਚੌੜਾ ਬਾਜ਼ਾਰ ਤੇ ਜੀ. ਟੀ. ਰੋਡ ਵਿਖੇ ਕੀਤੀ ਗਈ, ਜਿਥੇ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਜ਼ਬਤ ਕੀਤਾ ਅਤੇ ਕਈ ਨਾਜਾਇਜ਼ ਕਬਜ਼ੇ ਹਟਾਏ ਗਏ, ਜਿਵੇਂ ਹੀ ਨਗਰ ਕੌਂਸਲ ਪ੍ਰਧਾਨ ਪਿ੍ੰਸ ਦੀ ਅਗਵਾਈ ਹੇਠ ਟੀਮ ਜਦੋਂ ਚੌੜਾ ਬਾਜ਼ਾਰ ਵਿਖੇ ਪਹੁੰਚੀ ਤਾਂ ਦੁਕਾਨਦਾਰਾਂ ਵਿਚ ਭਗਦੜ ਮੱਚ ਗਿਆ, ਟੀਮ ਨੇ ਫੁਰਤੀ ਦਿਖਾਉਂਦੇ ਹੋਏ ਕਈ ਦੁਕਾਨਦਾਰਾਂ ਦਾ ਸਾਮਾਨ ਟਰਾਲੀਆਂ ਵਿਚ ਸੁੱਟ ਲਿਆ ਤੇ ਨਗਰ ਕੌਂਸਲ ਦਫ਼ਤਰ ਵਿਚ ਲਿਆ ਕੇ ਜ਼ਬਤ ਕਰ ਦਿੱਤਾ | ਇਸ ਕਾਰਵਾਈ ਸੰਬੰਧੀ ਕੌਂਸਲ ਪ੍ਰਧਾਨ ਪਿ੍ੰਸ ਨੇ ਕਿਹਾ ਕਿ ਕਈ ਦਿਨਾਂ ਤੋਂ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਜਾ ਰਹੀ ਸੀ ਕਿ ਉਹ ਦੁਕਾਨਾਂ ਤੋਂ ਬਾਹਰ ਸਾਮਾਨ ਨਾ ਰੱਖਣ ਪਰ ਦੁਕਾਨਦਾਰਾਂ ਵਲੋਂ ਰਾਹਾਂ 'ਚ ਸਾਮਾਨ ਰੱਖ ਕੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇਥੇ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਪਰ ਚਿਤਾਵਨੀਆਂ ਦੇ ਬਾਵਜੂਦ ਦੁਕਾਨਦਾਰਾਂ ਨੇ ਇਕ ਨਾ ਮੰਨੀ ਅਤੇ ਸੁਧਾਰ ਨਾ ਹੋਣ 'ਤੇ ਇਹ ਕਾਰਵਾਈ ਕਰਨੀ ਪਈ, ਉਨ੍ਹਾਂ ਅੱਗੇ ਕਿਹਾ ਕਿ ਜੇਕਰ ਦੁਕਾਨਦਾਰ ਫੇਰ ਤੋਂ ਇਸੇ ਤਰ੍ਹਾਂ ਸਾਮਾਨ ਰੱਖਣਗੇ ਤਾਂ ਇਹ ਮੁਹਿੰਮ ਅਗਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ | ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਕਿਸੇ ਵੀ ਕੀਮਤ ਤੇ ਸ਼ਹਿਰ ਅੰਦਰ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੀ. ਟੀ. ਰੋਡ 'ਤੇ ਮੌਜੂਦ ਕੁਝ ਨਾਜਾਇਜ਼ ਕਬਜ਼ੇ ਜੇ. ਸੀ. ਬੀ. ਮਸ਼ੀਨ ਨਾਲ ਹਟਾਏ ਗਏ | ਕੌਂਸਲ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੱਸ ਅੱਡੇ 'ਚ ਨਾਜਾਇਜ਼ ਤੌਰ 'ਤੇ ਖੜ੍ਹੇ ਨਿੱਜੀ ਟਰੱਕ ਤੇ ਵੱਡੇ ਵਾਹਨ, ਜਿਨ੍ਹਾਂ ਦੇ ਵੀ ਹਨ ਉਹ ਜਲਦ ਹਟਾ ਲੈਣ ਨਹੀਂ ਫੇਰ ਉਨ੍ਹਾਂ ਖ਼ਿਲਾਫ਼ ਕਾਰਵਾਈ ਜਲਦ ਕੀਤੀ ਜਾਵੇਗੀ ਤੇ ਵਾਹਨ ਜ਼ਬਤ ਕੀਤੇ ਜਾਣਗੇ | ਉੱਧਰ ਨਗਰ ਕੌਂਸਲ ਦੀ ਇਸ ਕਾਰਵਾਈ ਦਾ ਚੌੜਾ ਬਾਜ਼ਾਰ 'ਚ ਦੁਕਾਨਦਾਰਾਂ ਵਲੋਂ ਵਿਰੋਧ ਵੀ ਕੀਤਾ | ਸਾਬਕਾ ਕੌਂਸਲਰ ਤੇ ਸਮਾਜ ਸੇਵਕ ਰਾਕੇਸ਼ ਸੋਫਤ ਨੇ ਦਾਅਵਾ ਕੀਤਾ ਕਿ ਦੁਕਾਨਦਾਰਾਂ ਨੂੰ ਦੁਕਾਨ ਬਾਹਰ 22 ਇੰਚ ਤੱਕ ਸਾਮਾਨ ਰੱਖਣ ਦਾ ਕਾਨੂੰਨੀ ਹੱਕ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਾਨੂੰਨੀ ਕਾਗ਼ਜ਼ ਉਹ ਕੌਂਸਲ ਪ੍ਰਧਾਨ ਨੂੰ ਜਲਦੀ ਸੌਂਪਣਗੇ | ਉਨ੍ਹਾਂ ਅੱਜ ਦੀ ਕਾਰਵਾਈ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਬਾਜ਼ਾਰ ਪਹਿਲਾਂ ਹੀ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਤੇ ਇਸ ਤਰ੍ਹਾਂ ਦੀ ਕਾਰਵਾਈ ਨਾਲ ਵਪਾਰ ਹੋਰ ਪ੍ਰਭਾਵਿਤ ਹੋਵੇਗਾ |