ਗੱਗੋਮਾਹਲ, 18 ਨਵੰਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਵਲੋਂ ਸੂਬਾ ਕਮੇਟੀ ਦੇ ਅਦੇਸ਼ਾਂ ਅਨੁਸਾਰ ਰਾਵੀ ਦਰਿਆ ਕਿਨਾਰੇ ਵਸਦੇ ਕਿਸਾਨਾਂ, ਜਿਨ੍ਹਾਂ ਦੀਆਂ ਜ਼ਮੀਨਾਂ ਹੜ੍ਹ ਕਾਰਨ ਖੇਤੀਯੋਗ ਨਹੀਂ ਰਹਿ ਗਈਆਂ ਸਨ, ਜਿਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਬੀੜਾ ਕਿਸਾਨ ਯੂਨੀਅਨ ਨੇ ਚੁੱਕਿਆ ਤੇ ਕਈ ਪਿੰਡਾਂ ਦੇ ਕਿਸਾਨਾਂ ਦੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਮੀਨ ਖੇਤੀਯੋਗ ਬਣਾਈ | ਇਸੇ ਤਰ੍ਹਾਂ ਅੱਜ ਪਿੰਡ ਚਾੜਪੁਰ ਦੇ ਕਿਸਾਨ ਸਿਤਾਰਾ ਸਿੰਘ, ਬਲਬੀਰ ਸਿੰਘ, ਹਰਦਿਆਲ ਸਿੰਘ, ਬਲਜੀਤ ਸਿੰਘ ਹੈਪੀ ਦੀਆਂ ਜ਼ਮੀਨਾਂ ਪੱਧਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਪਿੰਡ ਭਕਨਾ ਕਲਾਂ ਦੇ ਸਮੂਹ ਨਿਵਾਸੀਆਂ ਵਲੋਂ ਜਥੇਬੰਦੀ ਦੀ ਇੱਕ ਲੱਖ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਪ੍ਰਦਾਨ ਕੀਤੀ | ਪਿੰਡ ਭਕਨਾ ਕਲਾਂ ਤੋਂ ਆਏ ਪਿੰਡ ਦੇ ਆਗੂ ਤਲਵਿੰਦਰ ਸਿੰਘ ਫੌਜੀ, ਹਰਦੇਵ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ ਆਦਿ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਜ਼ਮੀਨ ਪੱਧਰੀ ਕਰਕੇ ਉਨ੍ਹਾਂ ਦੇ ਚੁੱਲ੍ਹੇ ਬਲਣ ਦਾ ਜੋ ਵੱਡੀ ਬੇੜਾ ਚੁਕਿਆ ਹੈ ਉਹ ਸੱਚਮੁੱਖ ਹੀ ਸ਼ਲਾਘਾਯੋਗ ਹੈ | ਇਸ ਸੰਬੰਧੀ ਜਦੋਂ ਅਸੀਂ ਪਿੰਡ ਵਾਸੀਆਂ ਨਾਲ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਇਹ ਰਾਸ਼ੀ ਇਕੱਤਰ ਕਰਕੇ ਕਿਸਾਨ ਯੂਨੀਅਨ ਦੇ ਚੱਲ ਰਹੇ ਟਰੈਕਟਰਾਂ 'ਚ ਤੇਲ ਪਾਉਣ ਦੀ ਸੇਵਾ ਵਜੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਨੂੰ ਭੇਟ ਕੀਤੀ ਹੈ | ਧੰਗਈ ਵਲੋਂ ਪਿੰਡ ਭਕਨਾ ਕਲਾਂ ਦੇ ਸਮੂਹ ਨਿਵਾਸੀਆਂ ਤੇ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦੀ ਸਾਰ ਲਈ ਹੈ | ਇਸ ਮੌਕੇ ਡਾ. ਪਰਮਿੰਦਰ ਸਿੰਘ ਪੰਡੋਰੀ, ਕੁਲਬੀਰ ਸਿੰਘ ਜੇਠੂਵਾਲ, ਪ੍ਰਗਟ ਸਿੰਘ ਚਾੜਪੁਰ, ਜਸਪਾਲ ਸਿੰਘ ਧੰਗਈ, ਨਿਰਮਾਲ ਸਿੰਘ ਆਦਿ ਆਗੂ ਹਾਜ਼ਰ ਸਨ |