ਅਟਾਰੀ, 6 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਸਕੱਤਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਿ੍ੰਸੀਪਲ ਡਾ. ਰੁਪਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ, ਸਤਲਾਣੀ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਤਹਿਤ ਸੈਮੀਨਾਰ 'ਪ੍ਰਕਾਸ਼ ਅਤੇ ਸ਼ਹਾਦਤ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ' ਵਿਸ਼ੇ ਉੱਪਰ ਆਯੋਜਿਤ ਕੀਤਾ ਗਿਆ | ਸੈਮੀਨਾਰ ਦੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਸਿਮਰਨ ਕੌਰ ਅਤੇ ਖੁਸ਼ਮੀਨ ਕੌਰ ਨੇ ਸੁੰਦਰ ਕਵੀਸ਼ਰੀ ਰਾਹੀਂ ਕੀਤੀ | ਕਵੀਸ਼ਰੀ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਆਤਮ ਬਲਿਦਾਨ ਦੀ ਵਿਆਖਿਆ ਕੀਤੀ ਗਈ | ਉਨ੍ਹਾਂ ਦੀ ਕਵੀਸ਼ਰੀ ਨੇ ਸਮੂਹ ਦਰਸ਼ਕਾਂ ਨੂੰ ਗਹਿਰਾਈ ਨਾਲ ਪ੍ਰੇਰਿਤ ਕੀਤਾ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਪ੍ਰਤੀ ਸ਼ਰਧਾ ਜਗਾਈ | ਇਸ ਮੌਕੇ ਤੇ ਰਿਸਰਚ ਸਕਾਲਰ ਡਾ. ਗੁਰਪ੍ਰੀਤ ਸਿੰਘ ਨੇ ਮੁੱਖ ਬੋਧਿਕ ਪ੍ਰਸਤੁਤੀ ਦਿੱਤੀ | ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼, ਯਾਤਰਾਵਾਂ ਅਤੇ ਸ਼ਹਾਦਤ ਨਾਲ ਸੰਬੰਧਤ ਇਤਿਹਾਸਕ ਪੱਖਾਂ ਨੂੰ ਵਿਸਥਾਰ ਨਾਲ ਸਮਝਾਇਆ | ਡਾ. ਗੁਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਦੇ ਅਜਿਹੇ ਅਨੁਭਵਾਂ 'ਤੇ ਪ੍ਰਕਾਸ਼ ਪਾਇਆ ਜਿਨ੍ਹਾਂ ਨੇ ਸਿੱਖ ਧਰਮ ਦੇ ਮੂਲ ਸੰਦੇਸ਼, ਧਰਮ ਦੀ ਰੱਖਿਆ ਅਤੇ ਮਨੁੱਖਤਾ ਦੀ ਸੇਵਾ ਨੂੰ ਸਦੀਵੀ ਬਣਾਇਆ | ਅੰਤ 'ਚ ਪਿ੍ੰਸੀਪਲ ਡਾ. ਰੁਪਿੰਦਰ ਸਿੰਘ ਨੇ ਧੰਨਵਾਦੀ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਸੱਚਾਈ, ਨਿਰਭੈਅਤਾ ਦਾ ਪ੍ਰਤੀਕ ਹੈ | ਇਸ ਲਈ ਹਰ ਵਿਦਿਆਰਥੀ ਨੂੰ ਸਚਾਈ, ਨਿਆਂ ਅਤੇ ਹੌਸਲੇ ਦੀ ਰਾਹ ਤੇ ਤੁਰਨ ਦੀ ਲੋੜ ਹੈ | ਇਸ ਸਮੇਂ ਸਟੇਜ ਸੰਚਾਲਨ ਡਾ. ਰਾਜਬੀਰ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਡਾ. ਗੁਰਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ, ਡਾ. ਤਰਲੋਕ ਸਿੰਘ, ਪ੍ਰੋ. ਸੁਖਦੀਪ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਗੁਰਸਾਹਿਬ ਸਿੰਘ, ਪ੍ਰੋ. ਕਰਮਜੀਤ ਕੌਰ, ਪ੍ਰੋ. ਪ੍ਰੀਤਇੰਦਰ ਕੌਰ, ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ ਰਵਿੰਦਰ ਕੌਰ, ਲਾਇਬ੍ਰੇਰੀਅਨ ਹਰਪ੍ਰੀਤ ਸਿੰਘ ਆਦਿ ਸਟਾਫ ਮੈਂਬਰਾਂ ਦੀ ਵਿਸ਼ੇਸ਼ ਹਾਜ਼ਰੀ ਰਹੀ |