ਬਾਬਾ ਬਕਾਲਾ ਸਾਹਿਬ, 31 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-'ਅਕਾਲੀ ਦਲ ਵਾਰਸ ਪੰਜਾਬ ਦੇ' ਸੇਵਾਦਾਰ ਚਰਨਜੀਤ ਸਿੰਘ ਭਿੰਡਰ ਅਤੇ ਪ੍ਰਗਟ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ 'ਅਕਾਲੀ ਦਲ ਵਾਰਸ ਪੰਜਾਬ ਦੇ' ਵਲੋਂ ਹੜ੍ਹ-ਪੀੜਤਾਂ ਦੀ ਮਦਦ ਲਈ ਪੰਜਾਬ ਦੇ ਅਲੱਗ ਅਲੱਗ ਜ਼ਿਲਿ੍ਹਆਂ, ਗੁਰਦਾਸਪੁਰ, ਅੰਮਿ੍ਤਸਰ ਸਾਹਿਬ, ਕਪੂਰਥਲਾ, ਤਰਨ ਤਾਰਨ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਸਮੇਤ ਜ਼ਿਲਿ੍ਹਆਂ ਵਿਚ 18 ਦੇ ਕਰੀਬ ਕੈਂਪ ਲੱਗੇ ਹੋਏ ਹਨ, ਜੋ ਕਿ ਮੇਨ ਸੜਕਾਂ ਤੋਂ ਦੂਰ ਦੁਰਾਡੇ ਵੱਸਦੇ ਪਿੰਡਾਂ ਦੀ ਨਿਸ਼ਾਨਦੇਹੀ ਕਰਕੇ ਅਸਲ ਲੋੜਵੰਦਾਂ ਦੀ ਪਛਾਣ ਕਰਕੇ ਸੰਗਤਾਂ ਵਲੋਂ ਆਈਆਂ ਸਮੱਗਰੀਆਂ ਨੂੰ ਤਰਤੀਬਵਾਰ ਮੈਨੇਜ ਕਰਕੇ ਕਿਸ਼ਤੀਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ | ਸ: ਭਿੰਡਰ ਅਤੇ ਸ: ਸੰਧੂ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਸੇਵਾਦਾਰ ਵਜੋਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਰੇਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਇਸ ਵੇਲੇ ਪਸ਼ੂਆਂ ਦੇ ਖਾਣ ਲਈ ਅਚਾਰ, ਚੋਕਰ, ਫੀਡ ਅਤੇ ਤੂੜੀ ਦੀ ਬਹੁਤ ਸਖਤ ਜ਼ਰੂਰਤ ਹੈ, ਸੋ ਪਸ਼ੂਆਂ ਦਾ ਚਾਰਾ ਖ਼ਰੀਦ ਕੇ ਪੰਜਾਬ ਦੇ ਹਰੇਕ ਹੜ੍ਹ ਪੀੜਤ ਇਲਾਕੇ ਵਿਚ ਲੱਗੇ ਅਲੱਗ-ਅਲੱਗ ਜਥੇਬੰਦੀਆਂ ਅਤੇ 'ਅਕਾਲੀ ਦਲ ਵਾਰਸ ਪੰਜਾਬ ਦੇ' ਬੇਸ ਕੈਂਪਾਂ ਵਿਚ ਪਹੁੰਚਾਇਆ ਜਾਵੇ |