ਚਵਿੰਡਾ ਦੇਵੀ, 17 ਜੁਲਾਈ (ਸਤਪਾਲ ਸਿੰਘ ਢੱਡੇ)- ਸਥਾਨਕ ਕਸਬੇ ਵਿਖੇ ਸੁੰਦਰ ਬੇਕਰੀ ਵਿਖੇ ਦੇਰ ਰਾਤ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਵਲੋਂ ਗੋਲੀਆਂ ਚਲਾ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਰਾਜ ਪੁੱਤਰ ਲੇਖਰਾਜ ਦੀ ਬੇਕਰੀ ਸੁੰਦਰ ਬੇਕਰੀ ਵਿਖੇ ਤਿੰਨ ਅਣ ਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਹੈ ਅਤੇ ਉਪਰੋਤਕ ਤਿੰਨੇ ਵਿਅਕਤੀ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ | ਉਪਰੋਤਕ ਵਿਅਕਤੀਆਂ ਨੇ ਕੁੱਲ ਚਾਰ ਫਾਇਰ ਕੀਤੇ ਜੋ ਬੇਕਰੀ ਦੇ ਬਾਹਰਲੇ ਸ਼ੀਸ਼ੇ ਵਿਚ ਵੱਜੇ | ਕੁਝ ਦਿਨ ਪਹਿਲਾਂ ਕੁਲਵੰਤ ਰਾਜ ਪੁੱਤਰ ਲੇਖ ਰਾਜ ਦੇ ਮੋਬਾਈਲ 'ਤੇ ਧਮਕੀ ਆਈ ਸੀ ਕਿ 10 ਤਰੀਕ ਤੱਕ ਤੇਰੇ ਕੋਲ ਟਾਈਮ ਹੈਗਾ ਹੈ ਜੇ ਤੁਸਾਂ ਸਾਨੂੰ 40 ਲੱਖ ਰੁਪਈਆ ਨਾ ਦਿੱਤਾ ਤਾਂ ਤੇਰੇ ਪਰਿਵਾਰ ਦਾ ਨੁਕਸਾਨ ਕਰਾਂਗੇ | ਵਾਰਦਾਤ ਦੀ ਖਬਰ ਮਿਲਦਿਆਂ ਹੀ ਡੀਐਸਪੀ ਮਜੀਠਾ ਸ੍ਰੀ ਭਵਨ ਕੁਮਾਰ, ਐਸ. ਐਚ. ਓ. ਕਥੂ ਨੰਗਲ ਸਰਦਾਰ ਜਸਵਿੰਦਰ ਸਿੰਘ, ਚੌਂਕੀ ਇੰਚਾਰਜ ਚਵਿੰਡਾ ਤੇ ਰਜਿੰਦਰ ਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ |