ਗੱਗੋਮਾਹਲ/ਚਮਿਆਰੀ/ਅਜਨਾਲਾ, 17 ਜੁਲਾਈ (ਬਲਵਿੰਦਰ ਸਿੰਘ ਸੰਧੂ, ਜਗਪ੍ਰੀਤ ਸਿੰਘ ਜੌਹਲ, ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਥਾਣਾ ਰਮਦਾਸ ਚੌਂਕੀ ਗੱਗੋਮਾਹਲ ਅਧੀਨ ਪਿੰਡ ਭੂਰੇਗਿੱਲ ਵਿਚ ਨਸ਼ਾ ਤਸਕਰ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਲੋਂ ਪੰਚਾਇਤੀ ਜ਼ਮੀਨ 'ਤੇ ਧੱਕੇ ਨਾਲ ਬਣਾਇਆ ਘਰ ਪੰਚਾਇਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਢਾਹ ਦਿੱਤਾ ਗਿਆ | ਪੰਚਾਇਤ ਵਿਭਾਗ ਵਲੋਂ ਪਹੁੰਚੇ ਬੀ. ਡੀ. ਪੀ. ਓ. ਰਮਦਾਸ ਪਵਨ ਕੁਮਾਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਮਤਾ ਪਾ ਕੇ ਇਹ ਜ਼ਮੀਨ ਖਾਲੀ ਕਰਾਉਣ ਲਈ ਪੁਲਿਸ ਵਿਭਾਗ ਨੂੰ ਲਿਖਿਆ ਗਿਆ ਸੀ ਕਿਉਂਕਿ ਗਗਨਦੀਪ ਸਿੰਘ ਨੇ ਇਹ ਘਰ ਪਿੰਡ ਦੇ ਛੱਪੜ ਦੀ ਜ਼ਮੀਨ ਵਿਚ ਧੱਕੇ ਨਾਲ ਬਣਾਇਆ ਹੋਇਆ ਸੀ | ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਸ ਨੂੰ ਢਾਹ ਦਿੱਤਾ ਗਿਆ ਹੈ | ਪੁਲਿਸ ਬਲ ਦੀ ਅਗਵਾਈ ਕਰ ਰਹੇ ਐੱਸ. ਪੀ. ਡੀ. ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਨੇ ਜਿੱਥੇ ਪੰਚਾਇਤੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ ਉੱਥੇ ਇਹ ਪਿੰਡਾਂ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿਚ ਧੱਕ ਰਿਹਾ ਸੀ | ਨਸ਼ਾ ਤਸਕਰੀ ਦੇ ਇਸ ਉਪਰ 6 ਪਰਚੇ ਦਰਜ ਹਨ ਤੇ ਇਹ 2024 ਵਿਚ ਮੁਕਤਸਰ ਜੇਲ੍ਹ ਤੋਂ ਬਾਹਰ ਆਇਆ ਸੀ | ਆਖਰੀ ਪਰਚਾ ਇਸ ਤੇ ਪੁਲਿਸ ਥਾਣਾ ਰਮਦਾਸ ਵਿਖੇ ਦਰਜ ਕੀਤਾ ਗਿਆ ਹੈ ਪ੍ਰੰਤੂ ਇਹ ਉਸ ਸਮੇਂ ਤੋਂ ਭਗੌੜਾ ਹੈ | ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਦਾ ਘਰ ਢਾਹ ਦਿੱਤਾ ਗਿਆ ਹੈ | ਇਸ ਮੌਕੇ ਡੀ. ਐੱਸ. ਪੀ. ਅਜਨਾਲਾ, ਗੁਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਰਮਦਾਸ ਆਗਿਆਪਾਲ ਸਿੰਘ, ਚੌਂਕੀ ਇਚਾਰਜ ਗੱਗੋਮਾਹਲ ਬਲਵਿੰਦਰ ਸਿੰਘ, ਸਰਪੰਚ ਨਿਰਮਲ ਸਿੰਘ, ਸੈਕਰਟੀ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਪੰਚਾਇਤ ਵਿਭਾਗ, ਗ੍ਰਾਮ ਪੰਚਾਇਤ ਦੇ ਨੁਮਾਇੰਦੇ ਤੇ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸੀ |
ਪਿੰਡ ਭੂਰੇਗਿੱਲ ਵਿਖੇ ਪੰਚਾਇਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰ ਦਾ ਘਰ ਢਹਿ-ਢੇਰੀ <br/>
ਨਸ਼ਾ ਤਸਕਰ ਦਾ ਘਰ ਢਾਹੇ ਜਾਣ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਐੱਸ. ਪੀ. ਡੀ. ਤੇ ਨਸ਼ਾ ਤਸਕਰ ਦਾ ਘਰ ਢਾਹੇ ਜਾਣ ਦਾ ਦਿ੍ਸ਼ | ਤਸਵੀਰ : ਬਲਵਿੰਦਰ ਸਿੰਘ ਸੰਧੂ<br/>
18-07-2025