ਜੰਡਿਆਲਾ ਗੁਰੂ, 15 ਜੁਲਾਈ (ਹਰਜਿੰਦਰ ਸਿੰਘ ਕਲੇਰ)-ਅਨਾਜ ਮੰਡੀ ਜੰਡਿਆਲਾ ਗੁਰੂ, ਜਿੱਥੇ ਸਬਜ਼ੀ ਮੰਡੀ ਵੀ ਸਥਿਤ ਹੈ, ਉੱਥੇ ਪਿਛਲੇ ਕਈ ਦਿਨਾਂ ਤੋਂ ਪਾਣੀ ਇਕੱਠਾ ਹੋਇਆ ਹੈ ਜੋ ਹੁਣ ਬਹੁਤ ਹੀ ਗੰਦਾ ਹੋ ਚੁੱਕਾ ਹੈ | ਪਾਣੀ ਵਿਚੋਂ ਬਦਬੂ ਆ ਰਹੀ ਹੈ, ਜਿਸ ਨਾਲ ਇਲਾਕਾ ਵਾਸੀਆਂ ਅਤੇ ਮੰਡੀ ਵਿਚ ਆਉਣ ਵਾਲੇ ਦੁਕਾਨਦਾਰਾਂ, ਕਿਸਾਨਾਂ ਲਈ ਮੁਸ਼ਕਿਲਾਂ ਵੱਧ ਰਹੀਆਂ ਹਨ | ਮੱਛਰ ਤੇ ਮੱਖੀਆਂ ਭਾਰੀ ਗਿਣਤੀ 'ਚ ਪੈਦਾ ਹੋ ਰਹੀਆਂ ਹਨ, ਜੋ ਕਿ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ | ਇਸ ਖਤਰਨਾਕ ਹਾਲਤ ਦੇ ਬਾਵਜੂਦ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਅਜੇ ਤੱਕ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ ਗਈ | ਕਿਸਾਨ ਜਦੋਂ ਆਪਣੀ ਫਸਲ ਲੈ ਕੇ ਮੰਡੀ ਆਉਂਦੇ ਹਨ, ਤਾਂ ਉਨ੍ਹਾਂ ਨੂੰ ਇਨ੍ਹਾਂ ਗੰਦੇ ਪਾਣੀਆਂ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ | ਇਹ ਨਾ ਸਿਰਫ਼ ਉਨ੍ਹਾਂ ਦੀ ਸਿਹਤ ਲਈ ਖਤਰਾ ਹੈ, ਸਗੋਂ ਸਬਜ਼ੀ 'ਤੇ ਵੀ ਅਸਰ ਪੈਂਦਾ ਹੈ, ਜੋ ਆਮ ਲੋਕਾਂ ਤੱਕ ਪਹੁੰਚ ਰਹੀ ਹੈ | ਇਸ ਮੰਡੀ 'ਚ ਦਿਨੋ ਦਿਨ ਆ ਰਹੇ ਕਿਸਾਨ ਤੇ ਖਰੀਦਦਾਰ ਦੋਵੇਂ ਚਿੰਤਤ ਹਨ | ਲੋਕਾਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਲਾਕੇ ਦੀ ਸਫਾਈ ਕਰਵਾਈ ਜਾਵੇ, ਖੜ੍ਹੇ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਮੰਡੀ ਵਿਚ ਵਧੀਆ ਹਾਈਜੀਨਕ ਢਾਂਚਾ ਤਿਆਰ ਕੀਤਾ ਜਾਵੇ ਅਤੇ ਮੰਡੀ ਦੀ ਸਾਫ ਸਫਾਈ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਵੇ |