11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੀਨੀਅਰ ਸਿਟੀਜ਼ਨ ਕੰਪਲੈਕਸ ਲਈ 50 ਲੱਖ ਦੀ ਗਰਾਂਟ 'ਤੇ ਨਗਰ ਕੌਂਸਲ 'ਚ ਮੀਟਿੰਗ ਦੌਰਾਨ ਹੰਗਾਮਾ <br/>

ਅਜੀਤ ਡੈਸਕ 27-12-2025
ਰੂਪਨਗਰ, 26 ਦਸੰਬਰ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਵਿਖੇ ਅੱਜ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ 'ਚ ਸਪੈਸ਼ਲ ਏਜੰਡੇ ਤਹਿਤ ਰੂਪਨਗਰ ਵਿਚ ਸੀਨੀਅਰ ਸਿਟੀਜ਼ਨ ਕੰਪਲੈਕਸ/ਸੱਥ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪ੍ਰਾਪਤ 50 ਲੱਖ ਰੁਪਏ ਦੀ ਗਰਾਂਟ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤਾ | ਇਹ ਮੀਟਿੰਗ ਕੌਂਸਲ ਦੇ ਪ੍ਰਧਾਨ ਅਸ਼ੋਕ ਵਾਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੀ ਸ਼ਾਮਿਲ ਸਨ | ਮੀਟਿੰਗ ਦੀ ਸ਼ੁਰੂਆਤ ਹੁੰਦੇ ਹੀ ਕੌਂਸਲਰ ਰਜੇਸ਼ ਕੁਮਾਰ ਨੇ ਆਪਣੇ ਵਾਰਡ ਵਿਚ ਸੋਲਰ ਲਾਈਟਾਂ ਲਗਾਉਣ ਦੀ ਮੰਗ ਉਠਾਈ ਅਤੇ ਬਾਅਦ 'ਚ ਏਜੰਡੇ ਨਾਲ ਸੰਬੰਧਿਤ ਪੱਤਰ ਦੀ ਕਾਪੀ ਨਾ ਲਗਾਉਣ 'ਤੇ ਇਤਰਾਜ਼ ਜਤਾਇਆ | ਇਸ ਮਾਮਲੇ 'ਤੇ ਕੁੱਝ ਹੋਰ ਕੌਂਸਲਰਾਂ ਵੱਲੋਂ ਵੀ ਵਾਰ-ਵਾਰ ਇਤਰਾਜ਼ ਕੀਤੇ ਗਏ, ਜਿਸ ਕਾਰਨ ਮੀਟਿੰਗ ਦੌਰਾਨ ਹੰਗਾਮੇ ਦੀ ਸਥਿਤੀ ਬਣ ਗਈ | ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਸਪੱਸ਼ਟ ਕੀਤਾ ਕਿ ਸੋਲਰ ਲਾਈਟਾਂ ਦਾ ਪ੍ਰਾਜੈਕਟ ਵੱਖਰਾ ਹੈ ਅਤੇ ਇਸ ਸੰਬੰਧੀ ਵੀ ਯਤਨ ਕੀਤੇ ਜਾਣਗੇ, ਪਰ ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸ਼ਹਿਰ ਦੇ ਬਜ਼ੁਰਗਾਂ ਲਈ ਸਰਕਾਰ ਵਲੋਂ 50 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ ਤਾਂ ਇਸ 'ਤੇ ਬੇਲੋੜੀ ਬਹਿਸ ਕਿਉਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਨਾ ਤਾਂ ਪਹਿਲਾਂ ਦੀਆਂ ਸਰਕਾਰਾਂ ਅਤੇ ਨਾ ਹੀ ਕੌਂਸਲ ਨੇ ਸੀਨੀਅਰ ਸਿਟੀਜਨਾਂ ਦੀ ਭਲਾਈ ਵੱਲ ਧਿਆਨ ਦਿੱਤਾ ਹੈ ਜੇ ਹੁਣ ਉਹ ਤੁਹਾਨੂੰ ਮਾਣ ਦੇ ਰਹੇ ਹਨ ਤਾਂ ਫੇਰ ਵੀ ਸੁਆਦ ਖ਼ਰਾਬ ਕਰ ਰਹੇ ਹੋ | ਇਸ ਮੀਟਿੰਗ ਵਿਚ ਵਿਸ਼ੇਸ਼ ਸੱਦੇ 'ਤੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਸਮੇਤ ਮੈਂਬਰ ਵੀ ਹਾਜ਼ਰ ਸਨ | ਕੁੱਝ ਦਖ਼ਲਅੰਦਾਜ਼ੀ ਤੋਂ ਬਾਅਦ ਕੌਂਸਲ ਦੇ ਪ੍ਰਧਾਨ ਅਸ਼ੋਕ ਵਾਹੀ ਨੇ ਸਾਰਿਆਂ ਨੂੰ ਸੰਯਮ ਵਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇੱਕੋ ਮੱਦੇ 'ਤੇ ਬਾਰ-ਬਾਰ ਅੜਿੱਕੇ ਨਹੀਂ ਲਗਾਉਣੇ ਚਾਹੀਦੇ | ਆਖ਼ਰਕਾਰ ਸੀਨੀਅਰ ਸਿਟੀਜ਼ਨ ਕੰਪਲੈਕਸ ਦੀ ਮਨਜ਼ੂਰੀ ਵਾਲਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਹਲਕਾ ਵਿਧਾਇਕ ਦੀ ਮੰਗ 'ਤੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਹ ਕੰਪਲੈਕਸ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ 'ਤੇ ਤਿਆਰ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨਾਲ ਜੁੜੀ ਸ਼ਰਧਾਂਜਲੀ ਵੀ ਭੇਟ ਕੀਤੀ ਜਾ ਸਕੇ | ਜ਼ਿਕਰਯੋਗ ਹੈ ਕਿ ਵਾਰਡ ਨੰਬਰ 13 ਵਿਚ ਸਥਿਤ ਪੀ. ਡਬਲਿਊ. ਡੀ. ਕਾਲੋਨੀ 'ਚ 500 ਗਜ ਦਾ ਪਲਾਟ ਪਹਿਲਾਂ ਹੀ ਸੀਨੀਅਰ ਸਿਟੀਜ਼ਨ ਕੌਂਸਲ ਦੀ ਲਾਇਬ੍ਰੇਰੀ ਲਈ ਰਾਖਵਾਂ ਸੀ, ਪਰ ਕਿਸੇ ਕਾਰਨ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ | ਹੁਣ ਇਸੇ ਸਥਾਨ 'ਤੇ ਸੀਨੀਅਰ ਸਿਟੀਜ਼ਨ ਕੰਪਲੈਕਸ ਦਾ ਨਿਰਮਾਣ ਕੀਤਾ ਜਾਵੇਗਾ, ਜਿਥੇ ਬਜ਼ੁਰਗਾਂ ਲਈ ਪੜ੍ਹਨ-ਲਿਖਣ, ਮੀਟਿੰਗਾਂ ਅਤੇ ਆਧੁਨਿਕ ਸੁਵਿਧਾਵਾਂ ਉਪਲਬਧ ਹੋਣਗੀਆਂ | ਮੀਟਿੰਗ 'ਚ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਕੌਂਸਲਰ ਪੋਮੀ ਸੋਨੀ, ਕੌ: ਅਮਰਜੀਤ ਸਿੰਘ ਜੋਲੀ, ਕੌ: ਮੋਹਿਤ ਸ਼ਰਮਾ, ਜਸਵਿੰਦਰ ਕੌਰ, ਪੂਨਮ ਕੱਕੜ ਸਮੇਤ ਹੋਰ ਕੌਂਸਲਰ ਵੀ ਸ਼ਾਮਿਲ ਹੋਏ | ਮੀਟਿੰਗ ਦੀ ਸਮਾਪਤੀ ਉਪਰੰਤ ਕੌਂਸਲ ਪ੍ਰਧਾਨ ਦੇ ਕਮਰੇ 'ਚ ਚਾਹ-ਪਾਣੀ ਦੌਰਾਨ ਮਾਹੌਲ ਸ਼ਾਂਤ ਕੀਤਾ ਗਿਆ ਜਿਥੇ ਹਲਕਾ ਵਿਧਾਇਕ ਗਣੇਸ਼ ਚੱਡਾ ਨੂੰ ਵੀ ਸੱਦਿਆ ਗਿਆ ਸੀ |
ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਧੰਨਵਾਦ : ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਜਨਰਲ ਸਕੱਤਰ ਪਰਮਿੰਦਰ ਕੌਰ ਪੰਦੋਹਲ, ਸਲਾਹਕਾਰ ਕਰਨੈਲ ਸਿੰਘ ਰਮੇਸ਼ ਗੋਇਲ ਸੀਨੀਅਰ ਕਾਂਗਰਸ ਆਗੂ ਜਗਨਿੰਦਰ ਸਿੰਘ ਰੀਹਲ ਤੇ ਸੁਰਜਨ ਸਿੰਘ ਸਰਪਰਸਤ ਸਮੇਤ ਸਮੁੱਚੀ ਕਾਰਜਕਾਰਨੀ ਵਲੋਂ ਮਤਾ ਪਾਸ ਹੋਣ 'ਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡੱਲਾਂ ਪੁਲਿਸ ਨੇ 8 ਗ੍ਰਾਮ ਨਸ਼ੀਲਾ ਪਦਾਰਥ ਫੜਿਆ <br/> ਅਗਲੀ ਖ਼ਬਰ ਮੋਰਿੰਡਾ ਸ਼ਹਿਰ ਦੀ ਕੀਤੀ ਵਾਰਡਬੰਦੀ ਨੂੰ ਰੱਦ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।