ਕੀਰਤਪੁਰ ਸਾਹਿਬ, 6 ਨਵੰਬਰ (ਬੀਰ ਅਮਿ੍ਤਪਾਲ ਸਿੰਘ ਸੰਨੀ)-ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਦੇ ਨਜ਼ਦੀਕ ਬਣੀ ਹੋਈ ਰੇਲਵੇ ਪਲੇਟੀ ਤੋਂ ਜੀ. ਆਰ. ਪੀ. ਪੁਲਿਸ ਸ੍ਰੀ ਅਨੰਦਪੁਰ ਸਾਹਿਬ ਨੇ ਖੂਨ ਨਾਲ ਲੱਥ ਪੱਥ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ | ਜੀ. ਆਰ. ਪੀ. ਪੁਲਿਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਏ. ਐਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੀ ਪਲੇਟੀ ਉੱਪਰ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ ਉੱਪਰ ਪੁੱਜੇ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਲਾਸ਼ ਖੂਨ ਨਾਲ ਲੱਥ ਪੱਥ ਹੈ ਮਿ੍ਤਕ ਦੇ ਸਿਰ ਦੇ ਅੱਗੇ ਤੇ ਪਿੱਛੇ ਸੱਟ ਦੇ ਨਿਸ਼ਾਨ ਹਨ | ਨਜ਼ਦੀਕ ਹੀ ਇਕ ਪੱਥਰ ਵੀ ਬਰਾਮਦ ਹੋਏ ਹੈ ਜਿਸ ਉੱਪਰ ਖੂਨ ਲੱਗਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਜੀਤੂ ਕੇਵਟ (35) ਪੁੱਤਰ ਮਹਿਸਰ ਕੇਵਟ ਵਾਸੀ ਪਿੰਡ ਸੁਹਾਣਵਾ ਥਾਣਾ ਖਮੋਸ਼ੀ ਜ਼ਿਲ੍ਹਾ ਖਗੜੀਆ ਬਿਹਾਰ ਵਜੋਂ ਹੋਈ ਹੈ, ਜੋ ਕਿ ਠੇਕੇਦਾਰ ਮੋਨੀ ਵਾਸੀ ਪਿੰਡ ਗੱਜਪੁਰ ਬੇਲਾ ਦੇ ਕੋਲ ਰੇਲਵੇ ਮਾਲ ਗੱਡੀ ਦੇ ਡੱਬਿਆਂ 'ਚ ਸੀਮਿੰਟ ਦੀਆਂ ਬੋਰੀਆਂ ਲੋਡ ਕਰਨ ਦਾ ਕੰਮ ਕਰਦਾ ਸੀ | ਰਾਤ ਇਹ ਆਪਣੇ ਡੇਰੇ ਤੋਂ ਪੁਰਾਣਾ ਬੱਸ ਅੱਡਾ ਕੀਰਤਪੁਰ ਸਾਹਿਬ ਨੂੰ ਆਇਆ ਸੀ ਪਰ ਵਾਪਸ ਆਪਣੇ ਡੇਰੇ ਨਹੀਂ ਪੁੱਜਾ | ਉਨ੍ਹਾਂ ਕਿਹਾ ਕਿ ਮਿ੍ਤਕ ਦੇ ਕੋਲ 7500 ਰੁਪਏ ਤੇ ਮੋਬਾਈਲ ਫੋਨ ਸੀ ਜੋ ਕਿ ਮੌਕੇ ਉੱਪਰ ਨਹੀਂ ਮਿਲਿਆ ਹੈ, ਜਿਸ ਤੋਂ ਇਹ ਲੁੱਟ ਖੋਹ ਲਈ ਕਤਲ ਕੀਤੇ ਹੋਣ ਦਾ ਮਾਮਲਾ ਜਾਪਦਾ ਹੈ | ਸਾਡੇ ਵਲੋਂ ਬੀ. ਐਨ. ਐਸ. ਦੀ ਧਾਰਾ 103 ਦੇ ਤਹਿਤ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਲਾਸਟ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ | ਇਸ ਮੌਕੇ ਮੌਜੂਦ ਪ੍ਰਵਾਸੀ ਮਜ਼ਦੂਰ ਜੋ ਕਿ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਈਨ ਤੋਂ ਪਾਰ ਡੇਰਾ ਬਣਾ ਕੇ ਰਹਿੰਦੇ ਹਨ, ਨੇ ਦੱਸਿਆ ਕਿ ਮਿ੍ਤਕ ਕੀਰਤਪੁਰ ਸਾਹਿਬ ਵਿਖੇ ਮੋਨੀ ਠੇਕੇਦਾਰ ਵਾਸੀ ਪਿੰਡ ਗੱਜਪੁਰ ਕੋਲ ਕੰਮ ਕਰਦੇ ਹਨ, ਮੋਨੀ ਠੇਕੇਦਾਰ ਵਲੋਂ ਕਿਸੇ ਪ੍ਰਾਈਵੇਟ ਕੰਪਨੀ ਤੋਂ ਰੇਲ ਮਾਲ ਗੱਡੀ ਦੇ ਡੱਬਿਆਂ 'ਚ ਸੀਮਿੰਟ ਦੀਆਂ ਬੋਰੀਆਂ ਲੋਡ ਕਰਨ ਦਾ ਕੰਮ ਲਿਆ ਹੋਇਆ ਹੈ | ਠੇਕੇਦਾਰ ਵਲੋਂ ਆਪਣੇ ਪਾਸ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੱਲ੍ਹ ਪੈਸੇ ਦਿੱਤੇ ਗਏ ਸਨ, ਜਿਨਾਂ ਨੇ ਆਪਸ 'ਚ ਪੈਸੇ ਵੰਡ ਲਏ ਸਨ | ਜੀਤੂ ਕੇਵਟ ਨੂੰ ਵੀ 9500 ਰੁਪਏ ਕੰਮ ਕਰਨ ਦੇ ਮਿਲੇ ਸਨ, ਜਿਸ ਨੇ ਆਪਣੇ ਇਕ ਸਾਥੀ ਤੋਂ ਬਿਹਾਰ ਆਪਣੇ ਘਰ ਨੂੰ 2000 ਰੁਪਏ ਗੂਗਲ ਪੇਅ ਕਰਵਾ ਦਿੱਤੇ ਸਨ ਤੇ 7500 ਰੁਪਏ ਹੋਰ ਆਪਣੇ ਘਰ ਨੂੰ ਭੇਜਣ ਲਈ ਰਾਤ 8 ਵਜੇ ਡੇਰੇ ਤੋਂ ਕੀਰਤਪੁਰ ਸਾਹਿਬ ਦੇ ਪੁਰਾਣੇ ਬਸ ਅੱਡੇ ਨੂੰ ਗਿਆ ਸੀ | ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਉਹ ਰੋਟੀ ਖਾ ਕੇ ਸੋ ਗਏ, ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਡੇਰੇ ਦਾ ਇਕ ਵਿਅਕਤੀ ਜੀਤੂ ਕੇਵਟ ਲਾਪਤਾ ਹੈ, ਉਹ ਰਾਤ ਦਾ ਹੀ ਡੇਰੇ ਵਾਪਸ ਨਹੀਂ ਪੁੱਜਾ ਹੈ | ਜਿਸ ਤੋਂ ਬਾਅਦ ਉਸ ਦੀ ਅਸੀਂ ਤਲਾਸ਼ ਕੀਤੀ ਤੇ ਸਵੇਰੇ 6 ਵਜੇ ਉਸ ਦੀ ਲਾਸ਼ ਰੇਲਵੇ ਪਲੇਟੀ ਉੱਪਰ ਤੋਂ ਮਿਲੀ |