ਢੇਰ, 2 ਨਵੰਬਰ (ਸ਼ਿਵ ਕੁਮਾਰ ਕਾਲੀਆ)-ਸਥਾਨਕ ਪੁਲਿਸ ਨੇ ਇਕ ਨਾਕੇ ਦੌਰਾਨ 8 ਕਿੱਲੋ, 12 ਗ੍ਰਾਮ ਅਫ਼ੀਮ ਤੇ 2 ਕਿੱਲੋ 437 ਗ੍ਰਾਮ ਚਰਸ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਦ ਕਿ ਭਨੂਪਲੀ ਦੇ ਇਕ ਨੌਜਵਾਨ ਕੋਲੋਂ ਮਿਲਿਆ ਨਸ਼ਿਆਂ ਦਾ ਜ਼ਖ਼ੀਰਾ ਬਰਾਮਦ ਹੋਇਆ ਹੈ | ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਖ਼ਾਲਸਾ ਕਾਲਜ ਟੀ-ਪੁਆਇੰਟ ਤੇ ਨਾਕਾ ਲਗਾਇਆ ਹੋਇਆ ਸੀ | ਜਿਸ ਦੌਰਾਨ ਨੰਗਲ ਵੱਲ ਤੋਂ ਇਕ ਕਾਰ ਨੰਬਰ ਐਚ.ਪੀ. 12-ਆਰ. 5454 ਨੂੰ ਰੋਕਿਆ ਗਿਆ, ਜਿਸ 'ਚ ਡਰਾਈਵਰ ਸੀਟ 'ਤੇ ਰੋਹਿਤ ਸੈਣੀ, ਵਾਸੀ ਚਹੂਵਾਲ ਕਾਲੋਨੀ, ਨਾਲਾਗੜ੍ਹ ਤੇ ਉਸ ਦੇ ਨਾਲ ਮਨੋਜ਼ ਕੁਮਾਰ ਵਾਸੀ ਚੱਕਾ, ਥਾਣਾ ਬੱਦੀ ਬੈਠਾ ਹੋਇਆ ਸੀ | ਥਾਰ ਕਾਰ ਦੀ ਤਲਾਸ਼ੀ ਦੌਰਾਨ ਉਸਦੇ ਗੇਅਰ ਬਾਕਸ ਵਿਚ ਇਕ ਲਿਫ਼ਾਫ਼ਾ ਕਾਲੇ ਰੰਗ ਦਾ ਮਿਲਿਆ, ਜਿਸ 'ਚੋਂ 250 ਗ੍ਰਾਮ ਅਫ਼ੀਮ ਬਰਾਮਦ ਹੋਈ | ਪੁਲਿਸ ਨੇ ਨਸਾ ਵਿਰੋਧੀ ਕਾਨੂੰਨ ਤਹਿਤ ਉਕਤ ਦੋਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਉਪਰੰਤ ਪੁੱਛਗਿੱਛ ਦੌਰਾਨ ਇਹ ਅਫ਼ੀਮ ਵਿਕਾਸ ਸੋਨੀ, ਪਿੰਡ ਭਨੁੱਪਲੀ ਤੋਂ 35 ਹਜਾਰ ਰੁਪਏ ਦੀ ਲਿਆਂਦੀ ਹੋਈ ਦੱਸਿਆ ਗਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਫ਼ੌਜੀ ਪੁਲ ਲਾਗੇ ਸਕਾਰਪਿਓ ਪੀ.ਬੀ. 74-ਡੀ. 7575 'ਚੋਂ ਭਾਰੀ ਮਾਤਰਾ ਵਿਚ ਨਸ਼ਾ ਮਿਲ ਸਕਦਾ ਹੈ | ਇਸ ਤੋਂ ਬਾਅਦ ਉਕਤ ਵਿਕਾਸ ਸੋਨੀ ਨੂੰ ਵੀ ਫ਼ੌਜੀ ਪੁਲ ਲਾਗੇ ਗਿ੍ਫ਼ਤਾਰ ਕਰ ਲਿਆ ਗਿਆ | ਤਲਾਸ਼ੀ ਦੌਰਾਨ ਉਕਤ ਕਥਿਤ ਦੋਸ਼ੀ ਕੋਲ 8 ਕਿੱਲੋਂ 12 ਗ੍ਰਾਮ ਅਫ਼ੀਮ ਤੇ 2 ਕਲੋਂ 737 ਗ੍ਰਾਮ ਚਰਸ ਬਰਾਮਦ ਹੋਈ ਹੈ | ਉਕਤ ਖ਼ਿਲਾਫ਼ ਨਸ਼ਾ ਵਿਰੋਧੀ ਕਾਨੂੰਨ ਵਿਚ ਵਾਧਾ ਕੀਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ |