12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਤਲੁਜ ਦਰਿਆ 'ਚ ਆਏ ਹੜ੍ਹ ਨੇ ਨੂਰਪੁਰ ਬੇਦੀ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਨੀਂਦ ਉਡਾਈ

ਅਜੀਤ ਡੈਸਕ 02-09-2025
ਨੂਰਪੁਰ ਬੇਦੀ, 1 ਸਤੰਬਰ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਲਗਾਤਾਰ ਪੈ ਰਹੀ ਭਾਰੀ ਵਰਖਾ ਕਾਰਨ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਨੂਰਪੁਰ ਬੇਦੀ ਬਲਾਕ ਵਿਚ ਸਤਲੁਜ ਦਰਿਆ ਕਿਨਾਰੇ ਸਥਿਤ ਪਿੰਡਾਂ 'ਚ ਹੜ੍ਹ ਵਾਲੇ ਹਾਲਾਤ ਬਣੇ ਰਹੇ | ਸਤਲੁਜ ਦਰਿਆ ਵਿਚ ਅਧਿਕ ਪਾਣੀ ਆਉੇਣ ਕਾਰਨ ਦਰਿਆ ਦਾ ਪਾਣੀ ਕੰਢਿਆਂ ਤੋਂ ਬਾਹਰ ਆ ਗਿਆ | ਬਲਾਕ ਦੇ ਪਿੰਡ ਸ਼ਾਹਪੁਰ ਬੇਲਾ ਚਾਰੇ ਪਾਸੇ ਤੋਂ ਸਤਲੁਜ ਦਰਿਆ ਵਿਚ ਘਿਰ ਗਿਆ | ਬੇਸ਼ਕ ਪਿੰਡ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਨਹੀਂ ਵੜਿਆ ਪਰ ਉਨ੍ਹਾਂ ਦਾ ਸੰਪਰਕ ਬਾਕੀ ਇਲਾਕੇ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ | ਇਸ ਪਿੰਡ ਨੂੰ ਜਾਂਦੀ ਇਕਲੌਤੀ ਸੜਕ ਦਰਿਆ ਦੇ ਪਾਣੀ ਦੀ ਲਪੇਟ 'ਚ ਆ ਗਈ, ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਥੇ ਐਨ. ਡੀ. ਆਰ. ਐਫ. ਦੀ ਟੁਕੜੀ ਲੁਧਿਆਣਾ ਤੋਂ ਮੰਗਵਾ ਕੇ ਤਾਇਨਾਤ ਕਰਨੀ ਪਈ | ਸ਼ਾਹਪੁਰ ਬੇਲਾ ਦੇ ਲੋਕਾਂ ਨੇ ਆਪਣੇ ਡੰਗਰ ਪਸ਼ੂ ਤੇ ਘਰ-ਬਾਰ ਛੱਡ ਕੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ | ਸਤਲੁਜ ਵਿਚ ਆਏ ਤੇਜ਼ ਪਾਣੀ ਨੇ ਸਤਲੁਜ ਕਿਨਾਰੇ ਸਥਿਤ ਲੋਕਾਂ ਦੇ ਖੇਤਾਂ ਵਿਚ ਖੜ੍ਹੀ ਪਾਪੂਲਰ, ਮੱਕੀ, ਝੋਨਾ ਤੇ ਸਬਜ਼ੀਆਂ ਦੀ ਫ਼ਸਲ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਹੈ | ਪਿੰਡ ਬਸੀ ਦੇ ਸ਼ਮਸ਼ਾਨਘਾਟ ਕੋਲ ਸਤਲੁੱਜ ਦਰਿਆ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਆ ਗਿਆ ਤੇ ਇਹ ਪਾਣੀ ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ਤੋਂ ਆਰਪਾਰ ਹੋਣ ਲੱਗਾ, ਜਿਸ ਕਰਕੇ ਇਸ ਮਾਰਗ 'ਤੇ ਆਵਾਜਾਈ ਵੀ ਠੱਪ ਹੋ ਗਈ | ਹੜ੍ਹ ਦੀ ਸਥਿਤੀ ਨੂੰ ਵੇਖਦਿਆਂ ਹਲਕਾ ਵਿਧਾਇਕ ਐਡ. ਦਿਨੇਸ਼ ਚੱਢਾ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਤੇ ਐਸ. ਐਸ. ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਸਮੁੱਚੀ ਪ੍ਰਸ਼ਾਸ਼ਨਿਕ ਟੀਮ ਨਾਲ ਸ਼ਾਹਪੁਰ ਬੇਲਾ ਤੇ ਅਬਿਆਣਾ ਸਮੇਤ ਹੋਰਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੁੱਜੀ | ਇਸ ਮੌਕੇ ਵਿਧਾਇਕ ਚੱਢਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਇਸ ਕੁਦਰਤੀ ਆਫਤ ਵਿਚ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਲੋਕਾਂ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਰੱਖਿਆ ਲਈ ਐਨ. ਡੀ. ਆਰ. ਐਫ਼. ਟੀਮ ਜੁਟੀ ਹੋਈ ਹੈ ਅਤੇ ਪੀੜਤ ਲੋਕਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾ ਰਹੀ ਹੈ | ਇਸੇ ਦੌਰਾਨ ਪ੍ਰਸ਼ਾਸਨ ਤੇ ਵਿਧਾਇਕ ਵਲੋਂ ਅਬਿਆਣਾ, ਸਰਾਂ ਤੇ ਹੋਰਨਾਂ ਪਿੰਡਾਂ ਵਿਚ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਗਈ ਤੇ ਹਾਲ ਪੁੱਛਿਆ | ਚਨੌਲੀ ਪਿੰਡ 'ਚ ਹੜ੍ਹ ਦਾ ਪਾਣੀ ਕੁਝ ਲੋਕਾਂ ਦੇ ਘਰਾਂ 'ਚ ਵੜ੍ਹਨ ਦੀ ਖਬਰ ਹੈ |
ਹਰਿਆਣਾ ਦਾ ਮੁੱਖ ਮੰਤਰੀ ਸਿਆਸਤ ਤੋਂ ਉਪਰ ਉੱਠ ਕੇ ਪੰਜਾਬ ਦੀ ਮਦਦ ਕਰੇ-ਚੱਢਾ
ਚੱਢਾ ਨੇ ਕਿਹਾ ਕਿ ਹਰਿਆਣਾ ਵਲੋਂ ਇਸ ਵੇਲੇ ਆਪਣੀ ਪੂਰੀ ਸਮਰੱਥਾ ਅਨੁਸਾਰ ਪਾਣੀ ਸਟੋਰ ਨਹੀਂ ਕੀਤਾ ਜਾ ਰਿਹਾ | ਜੇ ਹਰਿਆਣਾ ਇਸ ਵੇਲੇ ਆਪਣੀ ਸਟੋਰੇਜ ਸਮਰੱਥਾ ਨੂੰ ਵਧਾ ਕੇ ਪਾਣੀ ਸਟੋਰ ਕਰੇ, ਤਾਂ ਨਾ ਸਿਰਫ਼ ਪੰਜਾਬ ਨੂੰ ਰਾਹਤ ਮਿਲੇਗੀ, ਸਗੋਂ ਆਉਣ ਵਾਲੇ ਸਮੇਂ 'ਚ ਹਰਿਆਣਾ ਵੀ ਉਸ ਪਾਣੀ ਨੂੰ ਵਰਤ ਸਕੇਗਾ |
ਪਿਛਲੀ ਖ਼ਬਰ ਐਸ. ਸੀ. ਸਿੱਖਿਆਰਥੀਆਂ ਲਈ 2 ਹਫ਼ਤੇ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਤੋਂ ਸ਼ੁਰੂ ਅਗਲੀ ਖ਼ਬਰ ਲਗਾਤਾਰ ਪੈ ਰਹੇ ਮੀਂਹ ਨੇ ਸਤਲੁਜ ਕੰਢੇ ਵਸੇ ਲੋਕਾਂ ਦੀ ਨੀਂਦ ਉਡਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।