ਢੇਰ, 18 ਜੁਲਾਈ (ਸ਼ਿਵ ਕੁਮਾਰ ਕਾਲੀਆ)-ਬੇਸਹਾਰਾ ਗਊਆਂ ਨੂੰ ਲੈ ਕੇ ਜਾ ਰਹੇ ਇੱਕ ਟਰੱਕ ਨੂੰ ਗਊ ਰੱਖਿਆ ਦਲ ਵਲੋਂ ਮਾਂਗੇਵਾਲ ਨਜ਼ਦੀਕ ਮੁੱਖ ਮਾਰਗ 'ਤੇ ਮੌਕੇ 'ਤੇ ਫੜ ਲਿਆ ਗਿਆ, ਜਦੋਂ ਕੀ ਟਰੱਕ ਵਿਚ ਮੌਜੂਦ ਟਰੱਕ ਚਾਲਕ ਅਤੇ ਉਸ ਦੇ ਸਾਥੀ ਟਰੱਕ ਨੂੰ ਇੱਕ ਪਾਸੇ ਲਗਾ ਕੇ ਭੱਜਣ ਵਿਚ ਕਾਮਯਾਬ ਹੋ ਗਏ | ਵੱਡੀ ਗਿਣਤੀ 'ਚ ਲੋਕ ਇਸ ਸਥਾਨ 'ਤੇ ਇਕੱਠੇ ਹੋਣੇ ਆਰੰਭ ਹੋ ਗਏ, ਜਿਨ੍ਹਾਂ ਨੇ ਇਸ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਥਾਨਕ ਪੁਲਿਸ ਨਾਲ ਤਾਲਮੇਲ ਕਰ ਗਊਆਂ ਨਾਲ ਭਰਿਆ ਹੋਇਆ ਟਰੱਕ ਪੁਲਿਸ ਦੇ ਹਵਾਲੇ ਕਰ ਦਿੱਤਾ | ਇਨ੍ਹਾਂ ਗਊਆਂ ਨੂੰ ਬਾਅਦ ਵਿਚ ਨਜ਼ਦੀਕੀ ਸ੍ਰੀ ਕਲੇਸ਼ਵਰ ਮਹਾਦੇਵ ਮੰਦਰ ਨਜ਼ਦੀਕ ਗਊਸ਼ਾਲਾ ਦੇ ਵਿਚ ਪਹੁੰਚਾਇਆ ਗਿਆ | ਗਉਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁਸਨ ਚੰਦ ਨੰਬਰਦਾਰ, ਰੋਸ਼ਨ ਲਾਲ, ਕਮਲ ਦੇਵ ਸ਼ਰਮਾ, ਪ੍ਰੇਮ ਭਾਰਦਵਾਜ, ਭਾਜਪਾ ਯੁਵਾ ਮੰਡਲ ਭਨੁਪਲੀ ਦੇ ਪ੍ਰਧਾਨ ਮੋਹਿਤ ਸ਼ਰਮਾ ਨੇ ਦੱਸਿਆ ਕਿ ਜਿਹੜੀਆਂ ਗਊਆਂ ਨੂੰ ਗਊਸ਼ਾਲਾ ਵਿਚ ਛੱਡਿਆ ਗਿਆ ਹੈ, ਉਨ੍ਹਾਂ ਗਊਆਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਕਿਉਂਕਿ ਇਹਨਾਂ ਲੋਕਾਂ ਵਲੋਂ ਗਊਆਂ 'ਤੇ ਬਹੁਤ ਵੱਡਾ ਤਸੱਦਦ ਕੀਤਾ ਗਿਆ ਹੈ, ਜਿਸ ਦੇ ਨਾਲ ਕਈ ਗਊਆਂ ਬੁਰੀ ਤਰ੍ਹਾਂ ਦੇ ਨਾਲ ਫੱਟੜ ਹੋ ਗਈਆਂ ਹਨ, ਜਿਨ੍ਹਾਂ ਦੇ ਜਖਮਾਂ ਵਿਚ ਕੀੜੇ ਦੌੜ ਰਹੇ ਹਨ, ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਦੇ ਵਿਚ ਗਊਸ਼ਾਲਾ ਵਿਚ ਗਊਆਂ ਨੂੰ ਰੱਖਣਾ ਸਾਡਾ ਮੁਢਲਾ ਫਰਜ਼ ਹੈ, ਪ੍ਰੰਤੂ ਗਊਸ਼ਾਲਾ ਨੂੰ ਸਰਕਾਰ ਵਲੋਂ ਕੋਈ ਵੀ ਵੱਡੀ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ ਹੈ | ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਗਊਸ਼ਾਲਾ ਨੂੰ ਕੁੱਝ ਵੱਡੇ ਫੰਡ ਦਿੱਤੇ ਜਾਣ, ਤਾਂ ਜ਼ੋ ਗਊਸ਼ਾਲਾ ਦੇ ਪ੍ਰਬੰਧ ਨੂੰ ਠੀਕ ਕਰਕੇ ਹੋਰ ਵੀ ਅਵਾਰਾ ਗਊਆਂ ਨੂੰ ਫੜ ਕੇ ਗਊਸ਼ਾਲਾ ਵਿਚ ਲਿਆਂਦਾ ਜਾ ਸਕੇ | ਦੂਜੇ ਪਾਸੇ ਫੜੇ ਗਏ ਟਰੱਕ ਬਾਰੇ ਗੱਲਬਾਤ ਕਰਦੇ ਹੋਏ ਗਊ ਰੱਖਿਆ ਦਲ ਦੇ ਆਗੂਆਂ ਨੇ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਗਊ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |