ਮੋਰਿੰਡਾ, 18 ਜੁਲਾਈ (ਪਿ੍ਤਪਾਲ ਸਿੰਘ)-ਸਹਿਕਾਰੀ ਖੰਡ ਮਿੱਲ ਮੋਰਿੰਡਾ ਦੇ ਜ਼ੋਨ ਨੰਬਰ 10 ਦੀ 21 ਜੁਲਾਈ ਨੂੰ ਹੋਣ ਵਾਲੀ ਡਾਇਰੈਕਟਰ ਦੀ ਚੋਣ ਲਈ ਹੁਣ ਸਿਰਫ਼ ਦੋ ਉਮੀਦਵਾਰਾਂ ਵਿਚ ਟੱਕਰ ਹੋਵੇਗੀ | ਜਾਣਕਾਰੀ ਅਨੁਸਾਰ ਸ਼ੂਗਰ ਮਿੱਲ ਮੋਰਿੰਡਾ ਡਾਇਰੈਕਟਰਾਂ ਦੀ ਚੋਣ ਲਈ 10 ਜ਼ੋਨਾਂ ਤੋਂ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ ਜਿਸ 'ਚ 8 ਜ਼ੋਨਾਂ ਤੋਂ ਨਿਰਵਿਰੋਧ ਉਮੀਦਵਾਰ ਡਾਇਰੈਕਟਰ ਬਣ ਗਏ ਸਨ | 7 ਨੰਬਰ ਜ਼ੋਨ ਤੋਂ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਖਾਲੀ ਰਹਿ ਗਿਆ | 10 ਨੰਬਰ ਜ਼ੋਨ ਵਿਚ ਤਿੰਨ ਉਮੀਦਵਾਰ ਮੈਦਾਨ ਵਿਚ ਰਹਿ ਗਏ ਸਨ | ਇਸ ਸੰਬੰਧੀ 21 ਜੁਲਾਈ ਨੂੰ ਵੋਟਾਂ ਪਾਈਆਂ ਜਾਣਗੀਆਂ ਪਰ ਅੱਜ ਉਸ ਤੋਂ ਪਹਿਲਾਂ ਤਿੰਨ ਉਮੀਦਵਾਰਾਂ 'ਚੋਂ ਦੋ ਉਮੀਦਵਾਰਾਂ ਦੀ ਆਪਸ ਵਿਚ ਟਾਸ ਪਾਏ ਜਾਣ ਨਾਲ ਚੋਣ ਹੋਰ ਵੀ ਦਿਲਚਸਪ ਬਣ ਗਈ ਹੈ | ਜ਼ੋਨ ਨੰਬਰ 10 ਤੋਂ ਤਿੰਨ ਉਮੀਦਵਾਰ ਬਲਦੇਵ ਸਿੰਘ ਚੱਕਲ, ਮਲਕੀਤ ਸਿੰਘ ਰੌਣੀ ਅਤੇ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਚੋਣ ਮੈਦਾਨ ਵਿਚ ਰਹਿ ਗਏ ਸਨ | ਜਿਨ੍ਹਾਂ 'ਚ ਦੋ ਉਮੀਦਵਾਰ ਬਲਦੇਵ ਸਿੰਘ ਚੱਕਲ ਅਤੇ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਦੀ ਪਤਵੰਤੇ ਸੱਜਣਾਂ ਨੇ ਆਪਸੀ ਸਹਿਮਤੀ ਨਾਲ ਟਾਸ ਕਰਵਾ ਦਿੱਤੀ, ਜਿਸ ਵਿਚ ਪਰਚੀ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਦੇ ਨਾਂਅ ਦੀ ਨਿਕਲੀ | ਇਸ ਟਾਸ ਤੋਂ ਬਾਅਦ ਹੁਣ ਬਲਦੇਵ ਸਿੰਘ ਚੱਕਲ, ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਦੀ ਹਮਾਇਤ ਕਰਨਗੇ | ਹੁਣ ਇਹ ਚੋਣ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਅਤੇ ਮਲਕੀਤ ਸਿੰਘ ਰੌਣੀ ਵਿਚਕਾਰ ਸਾਹਮਣੇ ਦੀ ਫਸਵੀਂ ਟੱਕਰ ਹੋਵੇਗੀ | ਟਾਸ ਤੋਂ ਬਾਅਦ ਹੁਣ ਮੈਦਾਨ ਵਿਚ ਚੋਣ ਲੜਨ ਵਾਲੇ ਦੋਨੋਂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਵੋਟਰਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਖੰਡ ਮਿੱਲ ਮੋਰਿੰਡਾ ਦੇ ਨਵੇਂ ਚੁਣੇ ਗਏ ਡਾਇਰੈਕਟਰ ਸਤਨਾਮ ਸਿੰਘ, ਅਮਰ ਸਿੰਘ ਚੱਕਲ, ਮਲਕੀਤ ਸਿੰਘ ਚੱਕਲ, ਜਸਮੇਲ ਸਿੰਘ ਸਾਬਕਾ ਡਾਇਰੈਕਟਰ ਸ਼ੂਗਰ ਮਿੱਲ ਮੋਰਿੰਡਾ, ਮਨਦੀਪ ਸਿੰਘ, ਕਿੱਕੀ ਘਮੰਡਗੜ੍ਹ, ਮਨਦੀਪ ਸਿੰਘ ਰੌਣੀ, ਬਿਕਰਮਜੀਤ ਸਿੰਘ ਜੁਗਨੂੰ, ਧਰਮਿੰਦਰ ਸਿੰਘ ਕੋਟਲੀ, ਪੀਤੀ ਥਾਬਲਾਂ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਜਸਵੀਰ ਸਿੰਘ ਕਾਈਨੌਰ ਸਾਬਕਾ ਚੇਅਰਮੈਨ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ ਅਤੇ ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ ਆਦਿ ਹਾਜ਼ਰ ਸਨ |